ਪੰਜਾਬੀ ਬੁਲੇਟਿਨ ਟੀਮ, ਜਲੰਧਰ
ਹਿੰਦੁਸਤਾਨ ਦਾ ਮੇਨਸਟ੍ਰੀਮ ਮੀਡੀਆ ਅੱਜਕਲ ਸਰਕਾਰ ਪੱਖੀ ਪੱਤਰਕਾਰੀ ਕੁੱਝ ਜ਼ਿਆਦਾ ਹੀ ਕਰਦਾ ਨਜ਼ਰ ਆਉਂਦਾ ਹੈ। ਸਰਕਾਰ ਦੀਆਂ ਸਕੀਮਾਂ ਨੂੰ ਵਧਾ-ਚੜਾ ਕੇ ਪੇਸ਼ ਕਰਨ ਵਾਲੇ ਇਸ ਤਰਾਂ ਦੇ ਮੀਡੀਆ ਨੂੰ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਗੋਦੀ ਮੀਡੀਆ ਕਹਿੰਦੇ ਹਨ। ਗੋਦੀ ਮੀਡੀਆ ਦਾ ਮਤਲਬ ਸਰਕਾਰ ਦੀ ਗੋਦੀ ‘ਚ ਬੈਠ ਕੇ ਖਬਰਾਂ ਲਿਖਣ ਅਤੇ ਵਿਖਾਉਣ ਵਾਲਾ ਮੀਡੀਆ ਹੈ। ਅਜਿਹੇ ਮੀਡੀਆ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਰਕਾਰ ਦੀਆਂ ਨਾਕਾਮੀਆਂ ਨੂੰ ਵੀ ਤਾਰੀਫ ਵਾਂਗ ਪੇਸ਼ ਕਰਦੇ ਹਨ। ਰਵੀਸ਼ ਕੁਮਾਰ ਵੱਲੋਂ ਗੋਦੀ ਮੀਡੀਆ ਸ਼ਬਦ ਦੇ ਇਸਤੇਮਾਲ ਤੋਂ ਬਾਅਦ ਇਹ ਕਾਫੀ ਇਸਤੇਮਾਲ ਹੋਣ ਲੱਗਾ। ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਆਮ ਲੋਕ ਵੀ ਲੋਕ ਗੋਦੀ ਮੀਡੀਆ ਸ਼ਬਦ ਨੂੰ ਬਹੁਤ ਵਰਤਦੇ ਹਨ।
ਗੋਦੀ ਮੀਡੀਆ ‘ਤੇ ਹੁਣ ਇੱਕ ਗਾਣਾ ਵੀ ਬਣ ਗਿਆ ਹੈ। ਇਸ ਨੂੰ ਗਾਇਆ ਹੈ ਰੋਮੀ ਘੜਾਮੇਵਾਲਾ ਅਤੇ ਦਿਲਪ੍ਰੀਤ ਅਟਵਾਲ ਨੇ। ਗਾਣੇ ਦੇ ਬਣਨ ਦੀ ਕਹਾਣੀ ਵੀ ਅਸੀਂ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਗਾਣਾ ਹੀ ਸੁਣ ਲੈਣਾ ਚਾਹੀਦਾ ਹੈ।
ਗੋਦੀ ਮੀਡੀਆ ‘ਤੇ ਆਏ ਇਸ ਪਹਿਲੇ ਗਾਣੇ ਨੂੰ ਲਿੱਖਿਆ ਵੀ ਇਸ ਦੇ ਗਾਇਕ ਰੋਮੀ ਨੇ ਹੀ ਹੈ। ਰੋਪੜ ਦੇ ਰਹਿਣ ਵਾਲੇ ਰੋਮੀ ਵੀ ਮੀਡੀਆ ਨਾਲ ਜੁੜੇ ਹਨ। ਗਾਇਕਾ ਦਿਲਪ੍ਰੀਤ ਸੁਨਾਮ ਤੋਂ ਹਨ ਅਤੇ ਇਸ ਤੋਂ ਪਹਿਲਾਂ ਵੀ ਕਈ ਗਾਣੇ ਗਾ ਚੁੱਕੇ ਹਨ। ਰੋਮੀ ਅਖਬਾਰ ਦੇਸ ਸੇਵਕ ਤੋਂ ਇਲਾਵਾ ਇੱਕ ਵੈਬ ਚੈਨਲ ਨਾਲ ਵੀ ਜੁੜੇ ਹਨ। ਗੋਦੀ ਮੀਡੀਆ ਬਾਰੇ ਗਾਣਾ ਬਨਾਉਣ ਦਾ ਖਿਆਲ ਕਿਵੇਂ ਆਇਆ ਪੁੱਛੇ ਜਾਣ ‘ਤੇ ਰੋਮੀ ਦੱਸਦੇ ਹਨ- ਕੁੱਝ ਸਾਲ ਪਹਿਲਾਂ ਤੱਕ ਇੱਕ ਪੱਤਰਕਾਰ ਦਾ ਕਈ-ਕਈ ਪਿੰਡਾਂ ਤੱਕ ਨਾਂ ਹੁੰਦਾ ਸੀ। ਜਿਹਨਾਂ ਦੇ ਪਰਿਵਾਰਾਂ ‘ਚ ਕੋਈ ਪੱਤਰਕਾਰ ਹੋਵੇ ਤਾਂ ਉਹ ਮਾਨ ਮਹਿਸੂਸ ਕਰਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਸਾਡੀ ਇਸ ਦਿੱਖ ਨੂੰ ਗੋਦੀ ਮੀਡੀਆ ਨੇ ਹੀ ਖਰਾਬ ਕੀਤਾ ਹੈ। ਇਸੇ ਲਈ ਮੈਨੂੰ ਲੱਗਿਆ ਕਿ ਇਸ ਬਾਰੇ ਕੁੱਝ ਲਿਖਣਾ ਚਾਹੀਦਾ ਹੈ।
ਗੋਦੀ ਮੀਡੀਆ ਤੋਂ ਤੁਹਾਡਾ ਕੀ ਭਾਵ ਹੈ? ਕਹਿੰਦੇ ਹਨ- ਕਾਬਿਜ਼ਧਿਰ ਦੀ ਗੋਦੀ ‘ਚ ਬੈਠ ਕੇ ਸਰਕਾਰ ਦੇ ਸੋਹਲੇ ਗਾਉਣ ਵਾਲਿਆਂ ਨੂੰ ਹੀ ਗੋਦੀ ਮੀਡੀਆ ਕਿਹਾ ਜਾ ਰਿਹਾ ਹੈ। ਇਹ ਸਰਕਾਰ ਦੀਆਂ ਸਕੀਮਾਂ ਨੂੰ ਇੰਨੀ ਵੱਡੀ ਗੱਲ ਦੱਸਦੇ ਹਨ ਕਿ ਕੋਈ ਹੱਦ ਨਹੀਂ। ਮੇਨਸਟ੍ਰੀਮ ਮੀਡੀਆ ਨੇ ਜਿਵੇਂ ਅੱਛੇ ਦਿਨ ਅਤੇ ਸਰਕਾਰ ਦੀਆਂ ਹੋਰ ਗੱਲਾਂ ਚੱਲਾਈਆਂ ਉਸ ਨੂੰ ਵੇਖ ਕੇ ਗੋਦੀ ਮੀਡੀਆ ਦੇ ਰਵੱਈਏ ਨੂੰ ਸਾਫ ਸਮਝਿਆ ਜਾ ਸਕਦਾ ਹੈ। ਅਜਿਹਾ ਵੀ ਨਹੀਂ ਹੈ ਕਿ ਸਾਰੇ ਅਜਿਹਾ ਕੰਮ ਕਰ ਰਹੇ ਹਨ। ਰਵੀਸ਼ ਕੁਮਾਰ ਵਰਗੇ ਕਈ ਪੱਤਰਕਾਰ ਅਤੇ ਅਦਾਰੇ ਚੰਗਾ ਕੰਮ ਵੀ ਕਰ ਰਹੇ ਹਨ।
ਪੱਤਰਕਾਰੀ ਲਈ ਰੈਮਨ ਮੈਗਸੇਸੇ ਐਵਾਰਡ ਜਿੱਤ ਚੁੱਕੇ ਰਵੀਸ਼ ਕੁਮਾਰ ਨੇ ਗੋਦੀ ਮੀਡੀਆ ‘ਤੇ ਬਣੇ ਇਸ ਗਾਣੇ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕਰਦਿਆਂ ਇਸ ਦੀ ਕਾਫੀ ਤਾਰੀਫ ਕੀਤੀ ਹੈ। ਰਵੀਸ਼ ਤੋਂ ਇਲਾਵਾ ਐਨਡੀਟੀਵੀ ਅਤੇ ਏਬੀਪੀ ਨਿਊਜ਼ ਚੈਨਲਾਂ ਨਾਲ ਜੁੜੇ ਰਹੇ ਅਭਿਸਾਰ ਸ਼ਰਮਾ ਨੇ ਵੀ ਗਾਣੇ ਨੂੰ ਸ਼ੇਅਰ ਕਰਦਿਆਂ ਇਸ ਦੀ ਤਾਰੀਫ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਰੋਮੀ ਦੇ ਇਸ ਗਾਣੇ ਦੀ ਕਾਫੀ ਤਾਰੀਫ ਹੋ ਰਹੀ ਹੈ।
ਰੋਮੀ ਕਹਿੰਦੇ ਹਨ- ਮੀਡੀਆ ਨੂੰ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਹਨ, ਸਰਕਾਰ ਤੋਂ ਜਵਾਬਦੇਹੀ ਲੈਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ‘ਚ ਕੁੱਝ ਬਦਲਾਅ ਆ ਸੱਕਣ ਪਰ ਗੋਦੀ ਮੀਡੀਆ ਇਸ ਤੋਂ ਬਿਲਕੁਲ ਉਲਟ ਕਰ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਮੈਂ ਖੁਦ ਮੀਡੀਆ ਨਾਲ ਜੁੜਿਆ ਹਾਂ। ਮੇਰਾ ਮਕਸਦ ਕਿਸੇ ਮੀਡੀਆ ਨੂੰ ਬਦਨਾਮ ਕਰਨਾ ਨਹੀਂ ਹੈ, ਸਗੋਂ ਮੈਂ ਤਾਂ ਖੁਦ ਗੋਦੀ ਮੀਡੀਆ ਤੋਂ ਪ੍ਰੇਸ਼ਾਨ ਹੋ ਕੇ ਇਹ ਗਾਣਾ ਲਿੱਖਿਆ ਅਤੇ ਗਾਇਆ ਹੈ। ਸ਼ਾਇਦ ਮੇਰੇ ਇਸ ਛੋਟੇ ਜਿਹੇ ਉਪਰਾਲੇ ਨਾਲ ਗੋਦੀ ਮੀਡੀਆ ਨੂੰ ਕੁੱਝ ਸ਼ਰਮ ਮਹਿਸੂਸ ਹੋ ਸਕੇ ਅਤੇ ਉਹ ਲੋਕਾਂ ਦੇ ਅਸਲ ਮੁੱਦਿਆਂ ਵੱਲ ਧਿਆਨ ਦੇ ਸਕਣ।