ਸੋਨੂੰ ਸੂਦ ਦੇ ਟਿਕਾਣਿਆਂ ‘ਤੇ ਛਾਪੇਮਾਰੀ, 250 ਕਰੋੜ ਦੀਆਂ ਵਿੱਤੀ ਬੇਨਿਯਮੀਆਂ ਆਈਆਂ ਸਾਹਮਣੇ : ਆਮਦਨ ਕਰ ਵਿਭਾਗ

0
2483

ਮੁੰਬਈ | ਆਮਦਨ ਕਰ ਵਿਭਾਗ ਨੇ ਫ਼ਿਲਮ ਅਦਾਕਾਰ ਤੇ ਸਮਾਜ ਸੇਵਾ ਕਰਕੇ ਮਸ਼ਹੂਰ ਹੋਏ ਸੋਨੂੰ ਸੂਦ ਦੇ ਟਿਕਾਣਿਆਂ ‘ਤੇ ਛਾਪੇਮਾਰੀ ਤੋਂ ਬਾਅਦ ਇਹ ਦੋਸ਼ ਲਾਇਆ ਹੈ ਕਿ ਇਸ ਛਾਪੇਮਾਰੀ ਦੌਰਾਨ 250 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਸਾਹਮਣੇ ਆਈਆਂ ਹਨ।

ਇਹ ਬੇਨਿਯਮੀਆਂ ਅਣਵਰਤੇ ਫੰਡਾਂ, ਬੋਗਸ ਸਮਝੌਤਿਆਂ ਤੇ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ‘ਸਰਕੂਲਰ ਟਰਾਂਜ਼ੈਕਸ਼ਨਜ਼’ ਦੇ ਰੂਪ ਵਿੱਚ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਪ੍ਰਗਟਾਵਾ ਆਮਦਨ ਕਰ ਵਿਭਾਗ ਵੱਲੋਂ 2 ਦਿਨ ਤੋਂ ਵੱਧ ਸਮੇਂ ਦੌਰਾਨ ਸੋਨੂੰ ਸੂਦ ਦੇ ਤੇ ਕੁਝ ਹੋਰਨਾਂ ਨੂੰ ਮਿਲਾ ਕੇ 28 ਟਿਕਾਣਿਆਂ ’ਤੇ ਛਾਪੇਮਾਰੀ ਕਰਨ ਉਪਰੰਤ ਕੀਤਾ ਗਿਆ ਹੈ।

ਪਿਛਲੇ ਦਿਨਾਂ ਵਿੱਚ ਆਮਦਨ ਕਰ ਵਿਭਾਗ ਵੱਲੋਂ ਮੁੰਬਈ, ਦਿੱਲੀ, ਲਖ਼ਨਊ, ਜੈਪੁਰ, ਕਾਨਪੁਰ ਅਤੇ ਗੁਰੂਗ੍ਰਾਮ ‘ਚ ਛਾਪੇਮਾਰੀ ਕਰਕੇ ਜਾਂਚ-ਪੜਤਾਲ ਕੀਤੀ ਗਈ ਸੀ।

ਇਹ ਹੁਣ ਤੱਕ ਕਿਸੇ ਵੀ ਬਾਲੀਵੁੱਡ ਕਲਾਕਾਰ ਖਿਲਾਫ਼ ਕੀਤੀ ਗਈ ਇਹ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ।

ਆਮਦਨ ਕਰ ਵਿਭਾਗ ਦਾ ਦਾਅਵਾ ਹੈ ਕਿ ਦਾਨ ਅਤੇ ‘ਕਰਾਊਡ ਫੰਡਿੰਗ’ ਦੇ ਰੂਪ ਵਿੱਚ 20 ਕਰੋੜ ਰੁਪਏ ਦੇ ਲਗਭਗ ਅਣਵਰਤੇ ਫੰਡ ਪਾਏ ਗਏ ਹਨ, ਜਦਕਿ 64 ਕਰੋੜ ਰੁਪਏ ਦੇ ‘ਫ਼ੇਕ ਕਾਂਟਰੈਕਟਸ’ ਅਤੇ 175 ਕਰੋੜ ਰੁਪਏ ਦੀਆਂ ਸ਼ੱਕੀ ‘ਸਰਕੂਲਰ ਟਰਾਂਜ਼ੈਕਸ਼ਨਜ਼’ ਇਕ ਜੈਪੁਰ ਅਧਾਰਿਤ ਇਨਫ਼ਰਾਸਟਰੱਕਚਰ ਕੰਪਨੀ ਦੇ ਨਾਲ ਸਾਹਮਣੇ ਆਏ ਹਨ।

ਆਮਦਨ ਕਰ ਵਿਭਾਗ ਵੱਲੋਂ ਇਸ ਛਾਪੇਮਾਰੀ ਦੌਰਾਨ ਨਕਦੀ, ਸ਼ੱਕੀ ਦਸਤਾਵੇਜ਼ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਟੈਕਸ ਨਾ ਦੇਣ ਵੱਲ ਇਸ਼ਾਰਾ ਕਰਦੀਆਂ ਹਨ। ਇਸੇ ਦੌਰਾਨ ਸੋਨੂੰ ਸੂਦ ਦੇ ਖਿਲਾਫ਼ ਆਮਦਨ ਕਰ ਜਾਂਚ ਦੀ ਕਾਰਵਾਈ ਅਜੇ ਜਾਰੀ ਹੈ।