ਚੰਡੀਗੜ੍ਹ | ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਰਮੇਸ਼ ਦੱਤ ਸ਼ਰਮਾ ਦੇ ਪੁੱਤਰ ਨਰਿੰਦਰ ਸ਼ਰਮਾ (52) ਨੇ ਬੁੱਧਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਨਰਿੰਦਰ ਸ਼ਰਮਾ ਚੰਡੀਗੜ੍ਹ ਦੇ ਸੈਕਟਰ-68 ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ। ਹਾਦਸੇ ਤੋਂ ਤੁਰੰਤ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਨੂੰ ਫੋਰਟਿਸ ਹਸਪਤਾਲ ਲੈ ਗਏ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਦੱਸਿਆ ਕਿ ਨਰਿੰਦਰ ਸ਼ਰਮਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫੇਜ਼-6 ਦੀ ਮੌਰਚਰੀ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ। ਐਸਐਚਓ ਨੇ ਦੱਸਿਆ ਕਿ ਨਰਿੰਦਰ ਸ਼ਰਮਾ ਦੀ ਪਤਨੀ ਸਕੂਲ ਟੀਚਰ ਹੈ ਤੇ ਬੇਟੀ ਬੈਸਟੈੱਕ ਮਾਲ ਵਿੱਚ ਕੰਮ ਕਰਦੀ ਹੈ। ਨਰਿੰਦਰ ਸ਼ਰਮਾ ਦਾ ਇੱਕ ਪੁੱਤਰ ਹੈ ਜੋ 11ਵੀਂ ਜਮਾਤ ਵਿੱਚ ਪੜ੍ਹਦਾ ਹੈ।
ਬੁੱਧਵਾਰ ਨੂੰ ਸਾਰੇ ਆਪਣੇ-ਆਪਣੇ ਕੰਮ ‘ਤੇ ਚਲੇ ਗਏ ਤੇ ਨਰਿੰਦਰ ਸ਼ਰਮਾ ਨੇ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਤਨੀ ਨੇ 12.30 ਵਜੇ ਨਰਿੰਦਰ ਸਿੰਘ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਨਰਿੰਦਰ ਸ਼ਰਮਾ ਦੀ ਪਤਨੀ ਨੇ ਗੁਆਂਢੀ ਨੂੰ ਫੋਨ ਕਰਕੇ ਉਹਨਾਂ ਦੇ ਘਰ ਜਾਣ ਲਈ ਕਿਹਾ।
ਗੁਆਂਢੀ ਨੇ ਖਿੜਕੀ ਤੋਂ ਦੇਖਿਆ ਤਾਂ ਅੰਦਰ ਨਰਿੰਦਰ ਸ਼ਰਮਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਤੁਰੰਤ ਆਪਣੀ ਧੀ ਨੂੰ ਬੁਲਾਇਆ। ਬੇਟੀ ਨੇ ਘਰ ਆ ਕੇ ਨਰਿੰਦਰ ਸ਼ਰਮਾ ਨੂੰ ਹੇਠਾਂ ਉਤਾਰਿਆ ਅਤੇ ਤੁਰੰਤ ਫੋਰਟਿਸ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਰਿੰਦਰ ਸ਼ਰਮਾ ਦੀ ਪਤਨੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਨਰਿੰਦਰ ਸ਼ਰਮਾ ਦਾ ਬੱਸੀ ਪਠਾਣਾਂ ਵਿੱਚ ਕਰੱਸ਼ਰ ਦਾ ਕਾਰੋਬਾਰ ਸੀ।