ਜਲੰਧਰ ‘ਚ ਜਵਾਈ ਵੱਲੋਂ ਸਹੁਰੇ ਦੇ ਘਰ ‘ਤੇ ਫਾਇਰਿੰਗ, ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖ਼ਮੀ

0
9

ਜਲੰਧਰ: ਹੁਸ਼ਿਆਰਪੁਰ ਰੋਡ ਨੇੜੇ ਸਥਿਤ 3 ਸਟਾਰ ਕਾਲੋਨੀ ਵਿੱਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਇੱਕ ਜਵਾਈ ਨੇ ਆਪਣੇ ਸਹੁਰੇ ਦੇ ਘਰ ‘ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਇੱਕ ਵਿਅਕਤੀ ਦੇ ਹੱਥ ਵਿੱਚ ਗੋਲੀ ਲੱਗ ਗਈ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਆਪ੍ਰੇਸ਼ਨ ਕੀਤਾ ਜਾਣਾ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੀ ਮਹਿਲਾ ਨੇ ਦੱਸਿਆ ਕਿ ਉਸ ਦਾ ਜਵਾਈ ਮਨਦੀਪ ਸਿੰਘ ਗਿੰਨੀ ਉਸ ਦੀ ਧੀ ਨੂੰ ਕਾਫ਼ੀ ਸਮੇਂ ਤੋਂ ਤੰਗ-ਪਰੇਸ਼ਾਨ ਕਰ ਰਿਹਾ ਸੀ। ਮਹਿਲਾ ਮੁਤਾਬਕ, ਦੋ ਦਿਨ ਪਹਿਲਾਂ ਧੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਆ ਗਈ।

ਮਹਿਲਾ ਨੇ ਦੋਸ਼ ਲਗਾਇਆ ਕਿ ਜਵਾਈ ਉਨ੍ਹਾਂ ਦੀ ਗੱਡੀ ਲੈਣ ਲਈ ਘਰ ਆਇਆ ਅਤੇ ਪਰਿਵਾਰ ਨਾਲ ਵਿਵਾਦ ਕਰਨ ਲੱਗ ਪਿਆ। ਜਦੋਂ ਪਰਿਵਾਰ ਨੇ ਗੱਡੀ ਦੀ ਚਾਬੀ ਨਹੀਂ ਦਿੱਤੀ ਤਾਂ ਇੱਕ ਵਿਅਕਤੀ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋ ਗਿਆ। ਮਹਿਲਾ ਅਨੁਸਾਰ, 3 ਤੋਂ 4 ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਸ ਦੇ ਪਤੀ ‘ਤੇ ਹਮਲਾ ਕਰ ਦਿੱਤਾ।

ਪਰਿਵਾਰ ਦਾ ਦੋਸ਼ ਹੈ ਕਿ ਜਵਾਈ ਆਪਣੇ ਨਾਲ ਆਏ ਨੌਜਵਾਨਾਂ ਸਮੇਤ ਰਈਆ ਤੋਂ ਆਇਆ ਸੀ ਅਤੇ ਇਸ ਦੌਰਾਨ ਦੋ ਫਾਇਰ ਕੀਤੇ ਗਏ। ਫਾਇਰਿੰਗ ਵਿੱਚ ਉਸ ਦੇ ਪਤੀ, ਜੋ ਕਿ ਕਾਂਗਰਸੀ ਆਗੂ ਅਤੇ ਪ੍ਰਾਪਰਟੀ ਡੀਲਰ ਹਨ, ਦੇ ਹੱਥ ਵਿੱਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਏ।

ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੀ ਧੀ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ ਅਤੇ ਪਿਛਲੇ ਇੱਕ ਸਾਲ ਤੋਂ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਜਵਾਈ ‘ਤੇ ਪਹਿਲਾਂ ਵੀ ਕਈ ਵਾਰ ਕੁੱਟਮਾਰ ਕਰਨ ਅਤੇ ਨਸ਼ਾ ਕਰਨ ਦੇ ਦੋਸ਼ ਲਗਾਏ। ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।