ਕਪੂਰਥਲਾ | ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਮੁਹੱਲਾ ਜਵਾਲਾ ਸਿੰਘ ਨਗਰ ‘ਚ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਵਿਧਵਾ ਔਰਤ ਦੀ ਲਾਸ਼ ਘਰ ਵਿਚ ਗਲੀ-ਸੜੀ ਹਾਲਤ ‘ਚ ਮਿਲੀ । ਬਜ਼ੁਰਗ ਔਰਤ ਕੁਲਵਿੰਦਰ ਕੌਰ ਵਾਸੀ ਬੂਸੋਵਾਲ ਉਮਰ ਕਰੀਬ 65 ਪਤਨੀ ਸਵ. ਜਸਵੰਤ ਸਿੰਘ ਪਤੀ ਦੀ ਮੌਤ ਉਪਰੰਤ ਇਕੱਲੀ ਰਹਿੰਦੀ ਸੀ ਅਤੇ ਕਿਰਾਏਦਾਰ ਵੀ ਇਸ ਘਰ ਵਿਚ ਰਹਿੰਦੇ ਹਨ ।
ਅੱਜ ਜਦੋਂ ਕਿਰਾਏਦਾਰ ਘਰ ਵਾਪਸ ਆਏ ਤਾਂ ਬਦਬੂ ਆ ਰਹੀ ਸੀ। ਮਾਲਕਣ ਨੂੰ ਆਵਾਜ਼ ਮਾਰੀ ਤਾਂ ਕਮਰੇ ਦੇ ਫਰਸ਼ ‘ਤੇ ਖੂਨ ਨਾਲ ਲੱਥਪੱਥ ਵੇਖੀ । ਮੁਹੱਲਾ ਵਾਸੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਕਲਯੁਗੀ ਪੁੱਤ ਨੇ ਹੀ ਕਤਲ ਕੀਤਾ ਸੀ ਜੋ ਨਸ਼ੇ ਦਾ ਆਦੀ ਸੀ ਤੇ ਇੰਗਲੈਂਡ ਤੋਂ ਡਿਪੋਰਟ ਹੋ ਕੇ ਆਇਆ ਸੀ । ਇਸਨੂੰ ਇਕ ਵਾਰ ਬਾਜ਼ਾਰ ‘ਚ ਭਿਖਾਰੀ ਦੀ ਬਾਂਹ ਤੋੜਨ ਤੋਂ ਬਾਅਦ ਮਾਂ ਨੇ ਜ਼ਮਾਨਤ ‘ਤੇ ਛੁਡਾ ਕੇ ਲਿਆਂਦਾ ਸੀ।
ਘਟਨਾ ਦੀ ਖ਼ਬਰ ਮਿਲਦਿਆਂ ਐਸ.ਐਚ. ਓ ਗਗਨਦੀਪ ਸਿੰਘ ਸੇਖੋਂ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ । ਐਸਪੀਡੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਅਸੀਂ ਮ੍ਰਿਤਕਾ ਦੇ ਬੇਟੇ ਦਲਬੀਰ ਸਿੰਘ ਬਿੱਲਾ ਪੁੱਤਰ ਜਸਵੰਤ ਸਿੰਘ ਉਮਰ ਕਰੀਬ 38 ਸਾਲ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੇ ਹਾਂ । ਮ੍ਰਿਤਕਾ ਦੇ ਵੱਡੇ ਬੇਟੇ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਕਤਲ ਮੇਰੇ ਛੋਟੇ ਭਰਾ ਨੇ ਕੀਤਾ ਹੈ ਜੋ ਕਿ ਨਸ਼ੇ ਦਾ ਵੀ ਆਦੀ ਹੈ। ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਡਿਪੋਰਟ ਹੋ ਕੇ ਆਇਆ ਹੈ ।
ਦੱਸਿਆ ਜਾ ਰਿਹਾ ਹੈ ਕਿ ਆਰੋਪੀ ਇੰਗਲੈਂਡ ‘ਚ ਲੜਾਈ-ਝਗੜਾ ਪਤਨੀ ਤੇ ਬੱਚਿਆਂ ਨਾਲ ਕਰਦਾ ਰਹਿੰਦਾ ਸੀ, ਜਿਸ ਕਰਕੇ ਉੱਥੋਂ ਦੀ ਸਰਕਾਰ ਨੇ ਇਸ ਨੂੰ ਡਿਪੋਰਟ ਕਰਕੇ ਇੰਡੀਆ ਭੇਜ ਦਿੱਤਾ ਸੀ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਕੁਝ ਦਿਨ ਪਹਿਲਾਂ ਭਿਖਾਰੀ ਦੀ ਭਰੇ ਬਾਜ਼ਾਰ ‘ਚ ਬਾਂਹ ਤੋੜਨ ਤੋਂ ਬਾਅਦ ਮਾਂ ਹੀ ਪੁਲਿਸ ਤੋਂ ਛੁਡਾ ਕੇ ਲਿਆਈ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਕਿਰਾਏਦਾਰ ਦੇ ਵੀ ਸੱਟਾਂ ਲਾਉਣ ਦੇ ਸਬੰਧ ‘ਚ ਇਹ ਸਜ਼ਾ ਕੱਟ ਚੁੱਕਾ ਹੈ।