ਹਰਿਆਣਾ| ਅੰਬਾਲਾ ਦੇ ਰਹਿਣ ਵਾਲੇ 25 ਸਾਲਾ ਗਗਨਜੋਤ ਸਿੰਘ ਨੇ ਭਾਰਤੀ ਫੌਜ ਵਿੱਚ ਅਫਸਰ ਲੱਗ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ । ਗਗਨਜੋਤ ਪਾਸਿੰਗ ਆਊਟ ਪਰੇਡ ਤੋਂ ਬਾਅਦ ਫੌਜ ਵਿੱਚ ਬਤੌਰ ਅਫ਼ਸਰ ਭਰਤੀ ਹੋਇਆ ਹੈ।
ਗਗਨਜੋਤ ਦੇ ਪਿਤਾ ਸੂਬੇਦਾਰ ਮੇਜਰ ਗੁਰਦੇਵ ਸਿੰਘ ਖ਼ੁਦ IMA ਵਿੱਚ ਇੰਸਟ੍ਰਕਟਰ ਹਨ। ਗਗਨਜੋਤ ਫੌਜ ਵਿੱਚ ਅਫ਼ਸਰ ਬਣਨ ਵਾਲਾ ਪਰਿਵਾਰ ਦਾ ਪਹਿਲਾ ਵਿਅਕਤੀ ਹੈ। ਸੂਬੇਦਾਰ ਮੇਜਰ ਗੁਰਦੇਵ ਸਿੰਘ IMA ਵਿੱਚ ਆਪਣੇ ਪੁੱਤਰ ਦੇ ਬੈਚ ਦੇ ਇੰਸਟ੍ਰਕਟਰਾਂ ਵਿੱਚੋਂ ਇੱਕ ਸੀ। ਮੇਜਰ ਗੁਰਦੇਵ ਸਿੰਘ ਇੱਕ ਸਾਲ ਪਹਿਲਾਂ ਅਕੈਡਮੀ ਵਿੱਚ ਸ਼ਾਮਿਲ ਹੋਇਆ ਸੀ, ਉਸੇ ਸਮੇਂ ਹੀ ਉਸ ਦਾ ਪੁੱਤਰ ਇੱਕ ਫੌਜੀ ਅਫ਼ਸਰ ਬਣਨ ਦੀ ਸਿਖਲਾਈ ਲਈ IMA ਵਿੱਚ ਸ਼ਾਮਿਲ ਹੋਇਆ।
ਇਸ ਬਾਰੇ ਗਗਨਜੋਤ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਸ ਨੂੰ ਘਰ ਵਿਚ ਕਦੇ ਵੀ ਨਹੀਂ ਝਿੜਕਿਆ, ਪਰ ਜਦੋਂ ਉਹ ਅਕੈਡਮੀ ਵਿਚ ਹਦਾਇਤਾਂ ਦੀ ਸਹੀ ਤਰ੍ਹਾਂ ਪਾਲਣਾ ਕਰਨ ਵਿਚ ਅਸਫ਼ਲ ਰਿਹਾ ਤਾਂ ਉਹਨਾਂ ਨੇ ਪਹਿਲੀ ਵਾਰ ਮੈਨੂੰ ਝਿੜਕਿਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਸਿਖਲਾਈ ਦੌਰਾਨ ਕਦੇ ਵੀ ਉਸ ਦੇ ਪ੍ਰਤੀ ਕੋਈ ਨਰਮੀ ਨਹੀਂ ਦਿਖਾਈ। ਉਹ ਆਪਣੇ ਅਧੀਨ ਸਾਰੇ ਕੈਡਿਟਾਂ ਨੂੰ ਬਰਾਬਰ ਸਿਖਲਾਈ ਦਿੰਦੇ ਸਨ।
ਗਗਨਜੋਤ ਨੇ ਦੱਸਿਆ ਕਿ ਉਹ ਸਾਲ 2016 ਵਿਚ ਫੌਜ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ। 2019 ਵਿਚ ਆਰਮੀ ਕੈਡੇਟ ਕਾਲਜ (ACC) ਗਿਆ । ਅੰਤ ਵਿਚ 2022 ਵਿਚ ਆਈਐਮਏ ਵਿਚ ਸਿਖਲਾਈ ਲਈ ਆਇਆ।
ਆਪਣੇ ਬੇਟੇ ਦੀ ਪ੍ਰਾਪਤੀ ‘ਤੇ ਮਾਣ ਕਰਦੇ ਹੋਏ ਪਿਤਾ ਨੇ ਕਿਹਾ ਕਿ ਸਿਖਲਾਈ ਦੌਰਾਨ ਗਗਨਜੋਤ ਨੇ ਹਮੇਸ਼ਾ ਮੈਨੂੰ ਹੋਰ ਕੈਡਿਟਾਂ ਵਾਂਗ ‘ਮਾਸਟਰ’ ਕਹਿ ਕੇ ਬੁਲਾਇਆ। ਸੂਬੇਦਾਰ ਮੇਜਰ ਗੁਰਦੇਵ ਸਿੰਘ ਨੇ ਕਿਹਾ ਕਿ ਸਾਰੇ ਕੈਡਿਟ ਮੇਰੇ ਪੁੱਤਰਾਂ ਵਾਂਗ ਹਨ। ਮੈਂ ਉਨ੍ਹਾਂ ਨਾਲ ਕਦੇ ਵੀ ਵੱਖਰਾ ਸਲੂਕ ਨਹੀਂ ਕੀਤਾ। ਮੈਨੂੰ ਮਾਣ ਹੈ ਕਿ ਮੇਰਾ ਬੇਟਾ ਹੁਣ ਇੱਕ ਅਫ਼ਸਰ ਵਜੋਂ ਫੋਰਸ ਵਿੱਚ ਮੇਰਾ ਸੀਨੀਅਰ ਹੋਵੇਗਾ। ਗਗਨਦੀਪ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਫੌਜ ਨਾਲ ਜੁੜਿਆ ਹੋਇਆ ਹੈ। ਗਗਨਜੋਤ ਦੇ ਦਾਦਾ ਅਜੀਤ ਸਿੰਘ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਸਨ। ਉਹ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਸੀ।