ਮਣੀਪੁਰ ‘ਚ ਫੌਜੀ ਨੂੰ ਅਗਵਾ ਕਰਕੇ ਕੀਤਾ ਕਤਲ, ਛੁੱਟੀ ‘ਤੇ ਆਇਆ ਸੀ ਜਵਾਨ

0
751

ਮਣੀਪੁਰ/ਇੰਫਾਲ, 18 ਸਤੰਬਰ | ਇੰਫਾਲ ਪੂਰਬੀ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਅਗਵਾ ਕੀਤੇ ਗਏ ਭਾਰਤੀ ਫੌਜ ਦੇ ਇਕ ਜਵਾਨ ਦੀ ਲਾਸ਼ ਐਤਵਾਰ ਨੂੰ ਮਿਲੀ। ਸਿਪਾਹੀ ਛੁੱਟੀ ’ਤੇ ਘਰ ਆਇਆ ਹੋਇਆ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 3 ਹਥਿਆਰਬੰਦ ਵਿਅਕਤੀਆਂ ਨੇ ਸ਼ਨਿਵਾਰ ਨੂੰ ਇੰਫਾਲ ਪਛਮੀ ਜ਼ਿਲ੍ਹੇ ਦੇ ਹੈਪੀ ਵੈਲੀ ਦੇ ਤਰੰਗ ਸਥਿਤ ਡਿਫੈਂਸ ਸਰਵਿਸ ਕੋਰ (ਡੀ.ਐੱਸ.ਸੀ.) ਦੇ 49 ਸਾਲਾਂ ਦੇ ਸੇਰਟੋ ਥੈਂਗਥਾਂਗ ਕੋਮ ਨੂੰ ਬੰਦੂਕ ਦੀ ਨੋਕ ’ਤੇ ਅਗਵਾ ਕਰ ਲਿਆ।
ਉਸ ਦੀ ਲਾਸ਼ ਐਤਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਨਿੰਗਥੇਕ ਪਿੰਡ ਪੂਰਬੀ ਤੋਂ ਮਿਲੀ। ਫੌਜੀ ਆਪਣੇ ਪਿੱਛੇ ਪਤਨੀ, ਇਕ ਬੇਟੀ ਅਤੇ ਇਕ ਪੁੱਤਰ ਛੱਡ ਗਿਆ ਹੈ।

ਅੰਤਿਮ ਸੰਸਕਾਰ ਪਰਿਵਾਰ ਦੀ ਇੱਛਾ ਅਨੁਸਾਰ ਕੀਤਾ ਜਾਵੇਗਾ। ਫੌਜ ਦੀ ਇਕ ਟੀਮ ਮ੍ਰਿਤਕ ਸਿਪਾਹੀ ਦੇ ਘਰ ਪਹੁੰਚੀ ਤਾਂ ਜੋ ਦੁਖੀ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ। 8ਵੀਂ ਅਸਾਮ ਰੈਜੀਮੈਂਟ ਤੋਂ ਸਵੈ-ਇੱਛਤ ਸੇਵਾਮੁਕਤੀ ਲੈਣ ਤੋਂ ਬਾਅਦ, ਥੰਗਥਾਂਗ ਕੁਝ ਸਾਲ ਪਹਿਲਾਂ ਡੀ.ਐਸ.ਸੀ. ’ਚ ਦੁਬਾਰਾ ਸ਼ਾਮਲ ਹੋ ਗਿਆ ਸੀ। ਉਹ ਡਿਊਟੀ ਤੋਂ ਛੁੱਟੀ ’ਤੇ ਸੀ ਅਤੇ ਸੋਮਵਾਰ ਨੂੰ ਡਿਊਟੀ ’ਤੇ ਪਰਤਣਾ ਸੀ। ਉਸ ਦੀ ਪਤਨੀ ਸੋਮੀਵੋਨ ਨੇ ਦੱਸਿਆ ਕਿ ਉਸ ਦਾ ਪਰਿਵਾਰ ਦੋ ਬੱਚਿਆਂ ਦੀ ਪੜ੍ਹਾਈ ਲਈ ਹੈਪੀ ਵੈਲੀ ਇਲਾਕੇ ’ਚ ਰਹਿ ਰਿਹਾ ਹੈ।