ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਸਿੱਖ ਮਾਪਿਆਂ ਦੀ ਇਕ ਹੋਰ ਧੀ ਦੀ ਦੁੱਖ ਭਰੀ ਕਹਾਣੀ ਸਾਹਮਣੇ ਆਈ ਹੈ। ਇਸ ਨੂੰ ਪਹਿਲਾਂ ਸਹੁਰਾ ਪਰਿਵਾਰ ਨੇ ਸਵਿਫਟ ਕਾਰ ਦੀ ਮੰਗ ਕਰਦਿਆਂ ਘਰੋਂ ਕੱਢ ਦਿੱਤਾ ਤੇ ਫਿਰ ਇਸ ਦੇ ਫੌਜੀ ਪਤੀ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ।
ਉਸ ਦਾ ਇਹ ਕਾਰਨਾਮਾ ਸਾਹਮਣੇ ਨਾ ਆਏ, ਇਸ ਦੇ ਲਈ ਉਸ ਨੇ ਗੁਰਦੁਆਰਾ ਸਾਹਿਬ ਤੋਂ ਵਿਆਹ ਦਾ ਸਰਟੀਫਿਕੇਟ ਆਪਣੇ ਛੋਟੇ ਭਰਾ ਦੇ ਨਾਂ ਲਿਆ ਪਰ ਜਦ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਵਿਆਹ ਕਰਵਾਉਣ ਵਾਲੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੁਲਿਸ ਦੇ ਸਾਹਮਣੇ ਦੱਸਿਆ ਕਿ ਵਿਆਹ ਤਾਂ ਕੁੜੀ ਨਾਲ ਫੌਜੀ ਪਤੀ ਨੇ ਕਰਵਾਇਆ ਸੀ ਅਤੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਸਰਟੀਫਿਕੇਟ ‘ਤੇ ਵੀ ਆਪਣਾ ਹੀ ਨਾਂ ਲਿਖਵਾਇਆ ਸੀ ਪਰ ਬਾਅਦ ਵਿੱਚ ਆਪਣਾ ਨਾਂ ਕਟਵਾ ਕੇ ਅਪਣੇ ਛੋਟੇ ਭਰਾ ਦਾ ਨਾਂ ਲਿਖਵਾ ਦਿੱਤਾ।
ਕੁੜੀ ਦੇ ਹੱਥ ਵਿਆਹ ਦੀਆਂ ਫੋਟੋਆਂ ਵੀ ਲੱਗ ਗਈਆਂ ਤਾਂ ਪੁਲਿਸ ਨੇ ਇਨਕੁਆਰੀ ਤੋਂ ਬਾਅਦ ਵਿਆਹ ਦੇ ਕਰਾਰ ਦਾ ਉਲੰਘਣ ਕਰਨ ਦੀ ਧਾਰਾ 494 ਅਤੇ ਧੋਖਾਧੜੀ ਦੀ ਧਾਰਾ 420 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਪਿੰਡ ਗੰਜਾ ਦੀ ਰਹਿਣ ਵਾਲੀ ਹਰਵਿੰਦਰ ਕੌਰ ਅਤੇ ਉਸ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਹਰਵਿੰਦਰ ਕੌਰ ਦਾ ਵਿਆਹ ਅਕਤੂਬਰ 2018 ਵਿੱਚ ਹਰਪ੍ਰੀਤ ਸਿੰਘ ਨਾਲ ਹੋਇਆ ਸੀ ਅਤੇ ਦਾਜ ਵਿੱਚ ਆਲਟੋ ਕੇ-10 ਕਾਰ ਵੀ ਦਿੱਤੀ ਗਈ ਸੀ ਪਰ ਕੁਝ ਸਮੇਂ ਬਾਅਦ ਹਰਪ੍ਰੀਤ ਸਿੰਘ ਦੇ ਪਰਿਵਾਰ ਨੇ ਸਵਿਫਟ ਕਾਰ ਦੀ ਮੰਗ ਕਰਦਿਆਂ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨਾ ਅਤੇ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ।
ਇਕ ਸਾਲ ਬਾਅਦ ਹੀ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਅਤੇ 2 ਸਾਲ ਤੋਂ ਉਹ ਆਪਣੇ ਪੇਕੇ ਘਰ ਹੀ ਰਹਿ ਰਹੀ ਹੈ। ਉਸ ਨੇ ਆਪਣੇ ਸਹੁਰਾ ਪਰਿਵਾਰ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਪਰ ਸਹੁਰਾ ਪਰਿਵਾਰ ਦਾ ਕੋਈ ਰਿਸ਼ਤੇਦਾਰ ਪੁਲਿਸ ਵਿੱਚ ਡੀਐੱਸਪੀ ਦੇ ਰੀਡਰ ਦੇ ਤੌਰ ‘ਤੇ ਨੌਕਰੀ ਕਰਦਾ ਹੈ, ਇਸ ਲਈ ਪੁਲਿਸ ਵੱਲੋਂ ਕਾਰਵਾਈ ਨਾ ਹੁੰਦਿਆਂ ਵੇਖ ਉਸ ਨੇ ਅਦਾਲਤ ਵਿੱਚ ਦਾਜ ਦਾ ਕੇਸ ਆਪਣੇ ਸਹੁਰਾ ਪਰਿਵਾਰ ‘ਤੇ ਕਰ ਦਿੱਤਾ।
ਫਰਵਰੀ 2021 ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਹੈ ਤਾਂ ਉਨ੍ਹਾਂ ਨੇ ਪੜਤਾਲ ਸ਼ੁਰੂ ਕੀਤੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਾਸੋਂ ਉਨ੍ਹਾਂ ਨੂੰ ਸੱਚਾਈ ਪਤਾ ਲੱਗੀ ਕਿ ਵਿਆਹ ਤਾਂ ਸੱਚਮੁੱਚ ਉਸ ਦੇ ਫੌਜੀ ਪਤੀ ਹਰਪ੍ਰੀਤ ਨੇ ਹੀ ਕਰਵਾਇਆ ਹੈ ਪਰ ਬਾਅਦ ਵਿਚ ਗੁਰਦੁਆਰਾ ਸਾਹਿਬ ਤੋਂ ਲਏ ਵਿਆਹ ਦੇ ਰਜਿਸਟਰ ਵਿੱਚ ਆਪਣਾ ਨਾਂ ਕਟਵਾ ਕੇ ਆਪਣੇ ਛੋਟੇ ਭਰਾ ਦਾ ਨਾਂ ਲਿਖਵਾ ਲਿਆ ਹੈ।
ਉਨ੍ਹਾਂ ਦੇ ਹੱਥ ਵਿਆਹ ਦੀਆਂ ਕੁਝ ਫੋਟੋਆਂ ਵੀ ਲੱਗੀਆਂ ਤਾਂ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਕੀਤੀ। ਕਾਰਵਾਈ ਨਾ ਹੁੰਦੇ ਵੇਖ ਉਹ ਉੱਚ ਅਧਿਕਾਰੀਆਂ ਕੋਲ ਗਏ ਤਾਂ ਇਕ ਡੀਐੱਸਪੀ ਰੈਂਕ ਦੇ ਅਧਿਕਾਰੀ ਨੂੰ ਇਨਕੁਆਰੀ ਸੌਂਪੀ ਗਈ, ਜਿਸ ਤੋਂ ਬਾਅਦ ਬੀਤੇ ਦਿਨ ਹਰਪ੍ਰੀਤ ਸਿੰਘ ‘ਤੇ ਮੁਕੱਦਮਾ ਦਾਇਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਰਪ੍ਰੀਤ ਦੀ ਇਸ ਧੋਖਾਧੜੀ ਵਿਚ ਉਸ ਦਾ ਪਰਵਾਰ ਵੀ ਓਨਾ ਹੀ ਦੋਸ਼ੀ ਹੈ, ਇਸ ਲਈ ਉਨ੍ਹਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।
ਐੱਸਪੀਡੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹਰਵਿੰਦਰ ਕੌਰ ਦੀ ਸ਼ਿਕਾਇਤ ‘ਤੇ ਪੁਲਿਸ ਇਨਕੁਆਇਰੀ ਤੋਂ ਬਾਅਦ ਫ਼ੌਜੀ ਹਰਪ੍ਰੀਤ ਸਿੰਘ ਵਾਸੀ ਚੌੜਾ ਕਲਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ। ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਹਰਪ੍ਰੀਤ ਸਿੰਘ ਦੇ ਅਪਰਾਧ ਵਿਚ ਉਸ ਦਾ ਸਾਥ ਕਿਸ-ਕਿਸ ਨੇ ਦਿੱਤਾ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)