ਸਮਾਜ ਭਲਾਈ ਕਰਨ ਵਾਲੀਆਂ ਜਥੇਬੰਦੀਆਂ ਨੂੰ ਮਿਲ ਸਕਦਾ 3 ਲੱਖ ਦਾ ਇਨਾਮ, ਇੰਝ ਕਰ ਸਕਦੇ ਅਪਲਾਈ

0
6695

ਜਲੰਧਰ | ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਚੰਗਾ ਕੰਮ ਕਰਨ ਵਾਲੀਆਂ ਕਲੱਬਾਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰ ਪੱਧਰ ‘ਤੇ ਐਵਾਰਡ ਦਿੱਤੇ ਜਾਣਗੇ। ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ੍ਹ ਦੇ ਨਿਦੇਸ਼ਕ ਸੁਖਦੇਵ ਸਿੰਘ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਯੂਥ ਕੋਆਰਡੀਨੇਟਰ ਨਾਲ ਆਨਲਾਈਨ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ।

ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਸੁਰਿੰਦਰ ਸੈਣੀ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਦਿੱਤੇ ਜਾਣ ਵਾਲੇ ਇਸ ਐਵਾਰਡ ਲਈ ਕਲੱਬਾਂ ਸੋਸਾਇਟੀ ਐਕਟ ਅਧੀਨ ਅਤੇ ਨਹਿਰੂ ਯੁਵਾ ਕੇਂਦਰ ਪਾਸ ਰਜਿਸਟਰਡ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਚੰਗਾ ਕੰਮ ਕਰਨ ਵਾਲੀਆਂ ਕਲੱਬਾਂ ਨੂੰ ਜ਼ਿਲ੍ਹਾ ਪੱਧਰ, ਰਾਜ ਪੱਧਰ ਅਤੇ ਕੌਮੀ ਪੱਧਰ ‘ਤੇ ਇਨਾਮ ਅਤੇ ਸਨਮਾਨ ਪੱਤਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕੌਮੀ ਪੱਧਰ ‘ਤੇ ਪਹਿਲਾ ਇਨਾਮ 300000, ਦੂਜਾ ਇਨਾਮ 100000 ਅਤੇ ਤੀਜਾ ਇਨਾਮ 50000 ਦਿੱਤਾ ਜਾਵੇਗਾ।

ਇਸ ਮੌਕੇ ਨਿਤਿਆਨੰਦ ਯਾਦਵ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਜਲੰਧਰ ਨੇ ਅਪੀਲ ਕੀਤੀ ਕਿ ਜੋ ਵੀ ਕਲੱਬਾਂ ਨਹਿਰੂ ਯੁਵਾ ਕੇਂਦਰ ਜਲੰਧਰ ਨਾਲ ਰਜਿਸਟਰਡ ਹਨ, ਉਨ੍ਹਾਂ ਵੱਲੋਂ 01.04.2019 ਤੋਂ 31.03.2020 ਤੱਕ ਜਿਹੜੇ ਵੀ ਸਮਾਜ ਭਲਾਈ ਦੇ ਕੰਮ ਕੀਤੇ ਗਏ ਹਨ, ਉਸਦੀ ਇਕ ਫਾਈਲ ਬਣਾ ਕੇ ਨਹਿਰੂ ਯੁਵਾ ਕੇਂਦਰ ਜਲੰਧਰ ਦੇ ਦਫਤਰ ਵਿਖੇ 20 ਨਵੰਬਰ 2020 ਤੱਕ ਜਮ੍ਹਾ ਕਰਵਾਈ ਜਾਵੇ।