ਚੰਡੀਗੜ੍ਹ | ਹਾਈ ਕੋਰਟ ਤੋਂ ਸਖ਼ਤ ਤਾੜਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਦਰਜ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਏਡੀਸੀਪੀ (ਜਾਂਚ) ਰੁਪਿੰਦਰ ਕੌਰ ਭੱਟੀ ਦੀ ਪ੍ਰਧਾਨਗੀ ਵਿੱਚ ਇਕ SIT ਦਾ ਗਠਨ ਕੀਤਾ ਹੈ।
ਇਹ ਜਾਣਕਾਰੀ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੂੰ ਦਿੱਤੀ। ਇਸ ‘ਤੇ ਹਾਈ ਕੋਰਟ ਨੇ SIT ਦੇ ਮੁਖੀ ਏਡੀਸੀਪੀ (ਜਾਂਚ) ਰੁਪਿੰਦਰ ਕੌਰ ਭੱਟੀ ਨੂੰ 4 ਹਫ਼ਤਿਆਂ ਦੇ ਅੰਦਰ ਮਾਮਲੇ ਦੀ ਜਾਂਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।
ਦੂਜੇ ਪਾਸੇ ਸਿਮਰਜੀਤ ਬੈਂਸ ਵਿਰੁੱਧ ਸ਼ਿਕਾਇਤ ਦਾਇਰ ਕਰਨ ਵਾਲੇ ਸ਼ਿਕਾਇਤਕਰਤਾ ਦੇ ਵਕੀਲ CM ਮੁੰਜਾਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਬੈਂਸ ਇਸ ਮਾਮਲੇ ਵਿੱਚ ਗਵਾਹਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਿਰੁੱਧ ਸੂਬੇ ਤੋਂ ਬਾਹਰ ਕੁਝ ਕੇਸ ਦਰਜ ਕਰਵਾ ਸਕਦੇ ਹਨ।
ਇਸ ‘ਤੇ ਹਾਈ ਕੋਰਟ ਨੇ SIT ਨੂੰ ਇਸ ਦੋਸ਼ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਸਨ। ਜ਼ਿਕਰਯੋਗ ਹੈ ਕਿ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਗਰਮਾ ਸਕਦਾ ਹੈ।
ਔਰਤ ਨੇ ਲਾਏ ਕਈ ਦੋਸ਼
ਔਰਤ ਨੇ ਦੋਸ਼ ਲਾਇਆ ਸੀ ਕਿ ਬੈਂਸ ਨੇ ਉਸ ਦੀ ਸਮਾਜਿਕ ਅਤੇ ਆਰਥਿਕ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਸ ਦੀ ਮਦਦ ਕਰਨ ਦੇ ਬਹਾਨੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਵਿਧਾਇਕ ਦੇ ਭਰਾ ਨੇ ਵੀ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਵਾਰ-ਵਾਰ ਫ਼ੋਨ ਕਰਨਾ ਅਤੇ ਕਈ ਵਟਸਐਪ ਸੰਦੇਸ਼ ਦੇਣੇ ਸ਼ੁਰੂ ਕਰ ਦਿੱਤੇ।
ਪਟੀਸ਼ਨਕਰਤਾ ਅਨੁਸਾਰ ਉਸ ਦੇ ਭਰਾ ਅਤੇ ਪਿਤਾ ਨੂੰ ਲਗਾਤਾਰ ਫ਼ੋਨ ‘ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਵਿਧਾਇਕ ਦੇ ਨੇੜਲੇ ਸਹਿਯੋਗੀਆਂ ਦੁਆਰਾ ਨਿੱਜੀ ਤੌਰ ‘ਤੇ ਵੀ ਸੰਪਰਕ ਕੀਤਾ ਜਾ ਰਿਹਾ ਸੀ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।






































