ਲੁਧਿਆਣਾ ‘ਚ ਭਰਜਾਈ ਦਾ ਕਾਰਨਾਮਾ : ਧੋਖੇ ਨਾਲ ਬੈਂਕ ‘ਚ ਦਿਓਰ ਦੀ ਰਜਿਸਟਰੀ ਗਹਿਣੇ ਰੱਖ ਕੇ ਲਿਆ 1.10 ਕਰੋੜ ਦਾ ਲੋਨ

0
224

ਲੁਧਿਆਣਾ, 15 ਅਕਤੂਬਰ | ਇਥੋਂ ਇਕ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵੱਡੇ ਭਰਾ ਨੇ ਛੋਟੇ ਭਰਾ ਨੂੰ ਗੁੰਮਰਾਹ ਕਰਕੇ ਮਕਾਨ ਦੀ ਰਜਿਸਟਰੀ ਬੈਂਕ ’ਚ ਗਹਿਣੇ ਰੱਖਵਾ ਦਿੱਤੀ ਤੇ 1 ਕਰੋੜ ਤੋਂ ਵੱਧ ਦੀ ਠੱਗੀ ਮਾਰ ਲਈ। ਇਸ ਠੱਗੀ ’ਚ ਮੁਲਜ਼ਮ ਦੀ ਪਤਨੀ ਅਤੇ ਉਸ ਦਾ ਇਕ ਦੋਸਤ ਵੀ ਸ਼ਾਮਲ ਹੈ। ਪੁਲਿਸ ਡਿਪਾਰਟਮੈਂਟ ਦੀ ਲੰਬੀ ਜਾਂਚ-ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਨੇ ਪੀੜਤ ਜਸਵੀਰ ਸਿੰਘ ਨਿਵਾਸੀ ਦਾਣਾ ਮੰਡੀ, ਜਲੰਧਰ ਬਾਈਪਾਸ ਦੇ ਬਿਆਨਾਂ ’ਤੇ ਮੁਲਜ਼ਮ ਵੱਡੇ ਭਰਾ ਜਸਬਿੰਦਰਪਾਲ ਸਿੰਘ, ਉਸ ਦੀ ਪਤਨੀ ਹਰਪ੍ਰੀਤ ਕੌਰ ਨਿਵਾਸੀ ਭਾਰਤੀ ਕਾਲੋਨੀ ਅਤੇ ਦਵਿੰਦਰ ਸਿੰਘ ਖਿਲਾਫ ਧੋਖਾਦੇਹੀ, ਸਾਜ਼ਿਸ਼ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।

ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਦਾਣਾ ਮੰਡੀ ਕੋਲ ਮਕਾਨ ਹੈ। 2013 ’ਚ ਉਸ ਦੇ ਵੱਡੇ ਭਰਾ ਨੇ ਧੋਖੇ ਨਾਲ ਉਸ ਦੇ ਮਕਾਨ ਦੀ ਰਜਿਸਟਰੀ ਬੈਂਕ ’ਚ ਗਹਿਣੇ ਰੱਖਵਾ ਦਿੱਤੀ। ਉਸ ਦੇ ਭਰਾ ਨੇ ਸਾਜ਼ਿਸ਼ ਰਚ ਕੇ ਬੈਂਕ ’ਚ ਲਿਜਾ ਕੇ ਉਸ ਦੇ ਦਸਤਖਤ ਵੀ ਕਰਵਾਏ। ਕਈ ਵਾਰ ਉਸ ਨੇ ਭਰਾ ਤੋਂ ਬੈਂਕ ’ਚ ਰੱਖੀ ਰਜਿਸਟਰੀ ਦੀ ਮੰਗ ਕੀਤੀ ਪਰ ਉਸ ਦਾ ਭਰਾ ਕੁੱਟਮਾਰ ’ਤੇ ਉਤਰ ਆਇਆ ਅਤੇ ਰਜਿਸਟਰੀ ਨਾ ਦੇਣ ਦੀ ਗੱਲ ਕਰਨ ਲੱਗਾ। ਵੱਡੇ ਭਰਾ ਦੀ ਇਸ ਸਾਜ਼ਿਸ਼ ’ਚ ਉਸ ਦੀ ਪਤਨੀ ਅਤੇ ਦਵਿੰਦਰ ਸਿੰਘ ਨਾਮੀ ਮੁਲਜ਼ਮ ਸ਼ਾਮਲ ਹੈ, ਜਿਸ ਨੇ ਬੈਂਕ ’ਚ ਗਲਤ ਆਈ. ਡੀ. ਦੇ ਕੇ ਬੈਂਕ ਅਤੇ ਉਸ ਨਾਲ ਵੀ ਧੋਖਾਦੇਹੀ ਕੀਤੀ ਹੈ, ਜਿਸ ’ਚ ਬੈਂਕ ਦੇ ਕਥਿਤ ਮੁਲਾਜ਼ਮ ਵੀ ਸ਼ਾਮਲ ਹਨ।

ਜਦੋਂ ਉਸ ਨੇ ਬੈਂਕ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਸ ਦੀ ਰਜਿਸਟਰੀ ਦੇ ਆਧਾਰ ’ਤੇ ਉਸ ਦੇ ਵੱਡੇ ਭਰਾ ਨੇ ਪਤਨੀ ਦੀ ਫਰਮ ਦੇ ਨਾਮ ’ਤੇ ਕੁਲ 1.10 ਕਰੋੜ ਦਾ ਲੋਨ ਲਿਆ ਹੋਇਆ ਹੈ, ਜਦੋਂਕਿ ਡਿਫਾਲਟਰ ਹੋਣ ਤੋਂ ਬਾਅਦ ਬੈਂਕ ਰਿਕਵਰੀ ਵਾਲੇ ਉਸ ਦੀ ਪ੍ਰਾਪਰਟੀ ਨੂੰ ਕਬਜ਼ਾਉਣਾ ਚਾਹੁੰਦੇ ਹਨ। ਉਸ ਨੂੰ 2019 ’ਚ ਪੂਰੀ ਤਰ੍ਹਾਂ ਪਤਾ ਲੱਗਾ ਕਿ ਉਸ ਨੂੰ ਠੱਗਿਆ ਗਿਆ ਹੈ, ਜਿਸ ਤੋਂ ਬਾਅਦ ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਈ।