ਭੈਣ-ਭਰਾ ਬਲੀ ਕਾਂਡ : ਰਹਿੰਦੇ ਦੋਸ਼ੀ ਵੀ ਕੀਤੇ ਸਲਾਖਾਂ ਪਿੱਛੇ, ਹੈਰਾਨ ਕਰ ਦੇਵੇਗੀ ਤਾਂਤਰਿਕ ਪਿੱਛੇ ਲੱਗ ਕੇ ਆਪਣੇ ਹੀ ਬੱਚਿਆਂ ਨੂੰ ਮਾਰਨ ਦੀ ਕਹਾਣੀ

0
853

ਬਠਿੰਡਾ| ਬਹੁਚਰਚਿਤ ਤੇ ਮਨੁੱਖਤਾ ਦੇ ਨਾਂ ‘ਤੇ ਕਲੰਕ ਕੋਟਫ਼ੱਤਾ ’ਚ ਮਾਸੂਮ ਦਲਿਤ ਭੈਣ ਭਰਾ ਬਲੀ ਕਾਂਡ ਦੇ ਸਾਰੇ ਸੱਤੇ ਮੁਲਜ਼ਮਾਂ ਨੂੰ ਅੱਜ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ।

ਇਸ ਸੰਵੇਦਨਸੀਲ ਕੇਸ ਦੀ ਪੈਰਵਾਈ ਕਰਦੇ ਆ ਰਹੇ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਕੋਟਫ਼ੱਤਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਮੀਡੀਆ ਦੇ ਸਨਮੁੱਖ ਹੋ ਕਿਹਾ ਕਿ ਮ੍ਰਿਤਕ ਮਾਸੂਮਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ, ਜਦੋਂਕਿ ਕੇਸ ਲੜ ਰਹੇ ਉੱਘੇ ਸੀਨੀਅਰ ਵਕੀਲ ਚਰਨਪਾਲ ਸਿੰਘ ਬਰਾੜ ਨੇ ਕਿਹਾ ਕਿ ਉਹ ਦੋਸ਼ੀਆਂ ਲਈ ਫਾਂਸੀ ਦੀ ਮੰਗ ਕਰਨਗੇ।

ਸੰਵੇਦਨਸੀਲ ਚਰਚਿਤ ਕੇਸ ਦੇ ਅੱਜ ਫੈਸਲੇ ਨੂੰ ਲੈ ਕੇ ਸਵੇਰੇ ਤੋਂ ਹੀ ਮੀਡੀਆ ਕਰਮੀ ਵੱਡੀ ਗਿਣਤੀ ਵਿਚ ਅਦਾਲਤ ਪੁੱਜੇ ਹੋਏ ਸਨ। ਜੱਜ ਸਾਹਿਬ ਨੇ ਮੁਖ ਮੁਲਜ਼ਮ ਤਾਂਤਰਿਕ ਲਖਵਿੰਦਰ ਲੱਖੀ ਦੇ ਵਕੀਲ ਛਿੰਦਰਪਾਲ ਸਿੰਘ ਬਰਾੜ ਤੇ ਜੁਪਿੰਦਰਪਾਲ ਸਿੰਘ ਬਰਾੜ ਤੇ ਮੁਲਜ਼ਮਾਂ ਦੇ ਉਲਟ ਚਰਨਪਾਲ ਸਿੰਘ ਬਰਾੜ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਜੇਲ੍ਹੋਂ ਬਾਹਰ ਤਾਂਤਰਿਕ ਲਖਵਿੰਦਰ ਉਰਫ ਲੱਖੀ, ਮ੍ਰਿਤਕ ਮਾਸੂਮ ਬੱਚਿਆਂ ਦੀ ਦਾਦੀ ਨਿਰਮਲ ਕੌਰ, ਬੱਚਿਆ ਦੀ ਭੂਆ ਅਮਨਦੀਪ ਕੌਰ, ਜਿਸ ਦੀ ਔਲਾਦ ਖ਼ਾਤਰ ਬਲੀ ਦੇ ਦਿੱਤੀ ਗਈ ਸੀ, ਨੂੰ ਤੁਰੰਤ ਹੱਥਕੜੀਆਂ ਲਗਾ ਕੇ ਸਲਾਖ਼ਾਂ ਪਿੱਛੇ ਤੋਰ ਦਿੱਤਾ ਗਿਆ। 

ਇਸ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਵਕੀਲ ਚਰਨਪਾਲ ਸਿੰਘ ਬਰਾੜ ਨੇ ਕਿਹਾ ਕਿ ਇਸ ਭਿਆਨਕ ਕਤਲ ਕਾਂਡ ਲਈ ਉਹ ਸਾਰੇ ਮੁਲਾਜ਼ਮਾਂ ਲਈ ਜੱਜ ਸਾਹਿਬ ਤੋਂ ਫਾਂਸੀ ਦੀ ਮੰਗ ਕਰਨਗੇ

ਜ਼ਿਕਰਯੋਗ ਹੈ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਕੋਟਫ਼ੱਤਾ ਵਿਚ ਛੇ ਸਾਲ ਪਹਿਲਾਂ 8 ਮਾਰਚ 2017 ਦੀ ਰਾਤ ਨੂੰ ਮੁਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸ਼ਾਹਿਤ ਕਰਨ ’ਤੇ ਅੱਠ ਸਾਲਾ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਦੀ ਭੈਣ ਅਨਾਮਿਕਾ ਕੌਰ ਦੀ ਉਨ੍ਹਾਂ ਦੇ ਘਰ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਬੇਰਿਹਮੀ ਨਾਲ ਬਲੀ ਦੇ ਦਿੱਤੀ ਗਈ ਸੀ। ਜਿਸ ਵਿਚ ਸੱਤ ਦੋਸ਼ੀ, ਮ੍ਰਿਤਕ ਬੱਚਿਆਂ ਦੀ ਦਾਦੀ, ਪਿਤਾ, ਮਾਤਾ, ਚਾਚਾ, ਦੋ ਭੂਆ ਤੇ ਇਕ ਤਾਂਤਰਿਕ ਸ਼ਾਮਲ ਸਨ।