ਪਾਕਿਸਤਾਨ ‘ਚ ਸਿੱਖ ਟਾਰਗੈੱਟ ਕਿਲਿੰਗ : ਬਾਈਕ ਸਵਾਰਾਂ ਨੇ ਮਾਰੀਆਂ ਗੋਲ਼ੀਆਂ, ਦੂਜੇ ਦਿਨ ਦੂਜਾ ਹਮਲਾ

0
140

ਅੰਮ੍ਰਿਤਸਰ| ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ। ਪੇਸ਼ਾਵਰ ‘ਚ ਹੀ ਦੋ ਦਿਨਾਂ ‘ਚ ਸਿੱਖਾਂ ‘ਤੇ ਹਮਲੇ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਸਿੱਖ ਦੀ ਜਾਨ ਚਲੀ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਕੱਟੜਪੰਥੀ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ISKP) ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।

ਮ੍ਰਿਤਕ ਦੀ ਪਛਾਣ ਪੇਸ਼ਾਵਰ ਵਾਸੀ ਮਨਮੋਹਨ ਸਿੰਘ (34) ਵਜੋਂ ਹੋਈ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਯਾਕੂਤ ਇਲਾਕੇ ‘ਚ ਵਾਪਰੀ। ਜਿੱਥੇ ਬਾਈਕ ‘ਤੇ ਆਏ ਅਣਪਛਾਤੇ ਵਿਅਕਤੀਆਂ ਨੇ ਮਨਮੋਹਨ ਸਿੰਘ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ।

ਬੀਤੇ ਦਿਨ ਵੀ ਸਿੱਖ ਦੁਕਾਨਦਾਰ ‘ਤੇ ਚਲਾਈਆਂ ਗਈਆਂ ਸਨ ਗੋਲ਼ੀਆਂ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਰਸ਼ੀਦ ਗੜ੍ਹੀ ਇਲਾਕੇ ‘ਚ ਸਿੱਖ ਦੁਕਾਨਦਾਰ ਤਰਲੋਕ ਸਿੰਘ ‘ਤੇ ਵੀ ਇਸੇ ਤਰ੍ਹਾਂ ਗੋਲ਼ੀਬਾਰੀ ਕੀਤੀ ਗਈ ਸੀ। ਇਸੇ ਤਰ੍ਹਾਂ ਹਮਲਾਵਰ ਮੋਟਰਸਾਈਕਲ ’ਤੇ ਆਏ ਅਤੇ ਦੁਕਾਨ ’ਤੇ ਬੈਠੇ ਤਰਲੋਕ ਸਿੰਘ ’ਤੇ ਗੋਲ਼ੀਆਂ ਚਲਾ ਦਿੱਤੀਆਂ। ਤਰਲੋਕ ਸਿੰਘ ਦੀ ਲੱਤ ‘ਤੇ ਗੋਲ਼ੀ ਲੱਗੀ ਸੀ। ਜਿਸ ਤੋਂ ਬਾਅਦ ਤਰਲੋਕ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿਸ ਕਾਰਨ ਉਸ ਦੀ ਜਾਨ ਬਚ ਗਈ।

ਘੱਟ ਗਿਣਤੀਆਂ ਦੀਆਂ ਧਾਰਮਿਕ ਸੰਸਥਾਵਾਂ ਤੋਂ ਬਾਅਦ ਹੁਣ ਟਾਰਗੈੱਟ ਕਿਲਿੰਗ

ISKP ਨੇ ਤਰਲੋਕ ਸਿੰਘ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਇਹ ਵੀ ਦੱਸਿਆ ਕਿ ਤਰਲੋਕ ‘ਤੇ ਪਿਸਤੌਲ ਤੋਂ ਗੋਲ਼ੀਆਂ ਚਲਾਈਆਂ ਗਈਆਂ ਸਨ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਪਰ ਪਿਛਲੇ ਸਮੇਂ ਵਿੱਚ ਘੱਟ ਗਿਣਤੀਆਂ ਦੀਆਂ ਧਾਰਮਿਕ ਸੰਸਥਾਵਾਂ ’ਤੇ ਹੋਏ ਹਮਲਿਆਂ ਤੋਂ ਬਾਅਦ ਹੁਣ ਕੱਟੜਪੰਥੀ ਸੋਚ ਰੱਖਣ ਵਾਲੇ ਇਸਲਾਮੀ ਸੰਗਠਨ ਟਾਰਗੈੱਟ ਕਿਲਿੰਗ ’ਤੇ ਉੱਤਰ ਆਏ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)