ਮੋਗਾ, 28 ਜਨਵਰੀ| ਨਵਜੋਤ ਸਿੰਘ ਸਿੱਧੂ ਦੀ ਮੋਗਾ ਰੈਲੀ ਦਾ ਇੰਤਜ਼ਾਮ ਕਰਨ ਵਾਲੇ ਦੋ ਆਗੂਆਂ ਨੂੰ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਸਪੈਂਡ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਨਵਜੋਤ ਸਿੱਧੂ ਨੇ ਹੁਣ ਸ਼ਾਇਰਾਨਾ ਅੰਦਾਜ਼ ਵਿਚ ਰਾਜਾ ਵੜਿੰਗ ਦਾ ਨਾਮ ਲਏ ਬਿਨਾਂ ਉਨ੍ਹਾਂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐੱਕਸ ’ਤੇ ਲਿਖਿਆ ਕਿ ‘ਨਾ ਮੈਂ ਗਿਰਾ ਨਾ ਮੇਰੀ ਉਮੀਦੋਂ ਕਾ ਕੋਈ ਮਿਨਾਰ ਗਿਰਾ, ਮੁਝੇ ਗਿਰਾਨੇ ਕੀ ਕੋਸ਼ਿਸ਼ ਕਰ ਹਰ ਸ਼ਖ਼ਸ ਬਾਰ-ਬਾਰ ਗਿਰਾ।
ਦੱਸਣਯੋਗ ਹੈ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਮੇਸ਼ੀ ਅਤੇ ਉਨ੍ਹਾਂ ਦੇ ਪੁੱਤਰ ਧਰਮਪਾਲ ਸਿੰਘ ਡੀਪੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਹਾਈਕਮਾਂਡ ਨੇ ਬਾਹਰ ਕੱਢ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ’ਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਹੇਸ਼ ਇੰਦਰ ਸਿੰਘ ਅਤੇ ਧਰਮਪਾਲ ਸਿੰਘ ਨੂੰ ਕਾਂਗਰਸ ਪਾਰਟੀ ‘ਚੋਂ ਮੁਅੱਤਲ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਬੀਤੀ 21 ਤਾਰੀਖ਼ ਨੂੰ ਮੋਗਾ ਦੇ ਇਕ ਨਿੱਜੀ ਪੈਲਸ ਵਿਚ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਕਾਂਗਰਸ ਮਿਲਣੀ ਕੀਤੀ ਗਈ ਸੀ। ਇਸ ਮਿਲਣੀ ਵਿਚ ਮੋਗਾ ਦੀ ਹਲਕਾ ਇੰਚਾਰਜ ਮਾਲਕਾ ਸੂਦ ਨੇ ਇਤਰਾਜ਼ ਜਤਾਇਆ ਸੀ ਕਿ ਉਨ੍ਹਾਂ ਨੂੰ ਨਾ ਤਾਂ ਇਸ ਰੈਲੀ ਵਿਚ ਸੱਦਾ ਦਿੱਤਾ ਗਿਆ ਅਤੇ ਨਾ ਹੀ ਹਾਈਕਮਾਂਡ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਮੋਗਾ ਵਿਚ ਰੈਲੀ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਮਾਲਵਿਕਾ ਸੂਦ ਨੇ ਇਕ ਸ਼ਿਕਾਇਤ ਜਾਰੀ ਕੀਤੀ ਸੀ ਉਸ ਸ਼ਿਕਾਇਤ ਦੇ ਅਧਾਰ ‘ਤੇ ਪਾਰਟੀ ਹਾਈ ਕਮਾਂਡ ਨੇ ਮਹੇਸ਼ ਇੰਦਰ ਸਿੰਘ ਮੇਸ਼ੀ ਅਤੇ ਉਨ੍ਹਾਂ ਦੇ ਸਪੁੱਤਰ ਧਰਮਪਾਲ ਸਿੰਘ ਡੀਪੀ ਨੂੰ ਪਾਰਟੀ ’ਚੋਂ ਸਸਪੈਂਡ ਕਰ ਦਿੱਤਾ।