ਸਿਆਸਤ ‘ਚ ਆਉਣਾ ਚਾਹੁੰਦਾ ਸਿੱਧੂ ਮੂਸੇਵਾਲਾ ਦਾ ਪਿਓ, ਤਾਹਿਓਂ ਕਰ ਰਿਹਾ ਰੈਲੀਆਂ : ਲਾਰੈਂਸ ਬਿਸ਼ਨੋਈ

0
705

ਨਿਊਜ਼ ਡੈਸਕ| ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸ਼ਮੂਲੀਅਤ ਸੁਰਖੀਆਂ ਵਿਚ ਹੈ। ਪੰਜਾਬ ਪੁਲਿਸ ਇਸ ਸਬੰਧੀ ਗੈਂਗਸਟਰ ਤੋਂ ਕਈ ਗੇੜਾਂ ਵਿਚ ਪੁੱਛਗਿੱਛ ਵੀ ਕਰ ਚੁੱਕੀ ਹੈ।

ਦਿੱਲੀ ਪੁਲਿਸ ਨੇ ਵੀ ਇਸ ਕਤਲ ਬਾਰੇ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਸੀ। ਹੁਣ ਲਾਰੈਂਸ ਨੇ ਖੁਦ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਿੱਧੂ ਮੂਸੇਵਾਲਾ ਦੇ ਕਤਲ ‘ਚ ਆਪਣੀ ਸ਼ਮੂਲੀਅਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਸ ਨੇ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿਆਸਤ ਵਿਚ ਆ ਸਕਦੇ ਹਨ।

ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਬਲਕੌਰ ਸਿੰਘ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਸ ਦੀ ਸ਼ਿਕਾਇਤ ਉਤੇ ਪੰਜਾਬ ਪੁਲਿਸ ਨੇ ਕਈ ਅਜਿਹੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਲਕੌਰ ਸਿੰਘ ਨੂੰ ਧਮਕੀਆਂ ਦੇਣ ਦੇ ਸਵਾਲ ਉਤੇ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਚਿੱਠੀ ਨਹੀਂ ਲਿਖੀ ਗਈ।

ਜੇ ਕਿਸੇ ਹੋਰ ਨੇ ਅਜਿਹਾ ਕੀਤਾ ਹੈ, ਮੈਨੂੰ ਇਸ ਬਾਰੇ ਪਤਾ ਨਹੀਂ ਹੈ। ਗੈਂਗਸਟਰ ਲਾਰੈਂਸ ਨੇ ਕਿਹਾ ਕਿ ਉਹ (ਬਲਕੌਰ ਸਿੰਘ) ਮੇਰੇ ਬਜ਼ੁਰਗ ਵਰਗਾ ਹੈ। ਅਸੀਂ ਉਸ (ਸਿੱਧੂ ਮੂਸੇਵਾਲਾ) ਦੇ ਪਰਿਵਾਰ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ। ਉਹ (ਸਿੱਧੂ ਮੂਸੇਵਾਲਾ ਦਾ ਪਿਤਾ) ਸਾਡੇ ਖਿਲਾਫ ਬੋਲ ਰਿਹਾ ਹੈ।

ਇੰਟਰਵਿਊ ਦੌਰਾਨ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਲਾਰੈਂਸ ਬਿਸ਼ਨੋਈ ਨੇ ਕਿਹਾ, ‘ਸਾਡੇ ਭਰਾ ਦਾ ਕਤਲ ਕਰਵਾਉਣ ‘ਚ ਉਸ ਦਾ ਹੱਥ ਸੀ। ਗੁਰਲਾਲ ਨੂੰ, ਵਿੱਕੀ ਨੂੰ… ਸਾਡੇ ਉਸ ਦੇ ਪਰਿਵਾਰ ਨਾਲ ਨਹੀਂ ਸਗੋਂ ਉਸ ਨਾਲ ਮਤਭੇਦ ਸਨ। ਉਸ ਨੇ ਸਾਡੇ ਭਰਾਵਾਂ ਨੂੰ ਮਰਵਾਇਆ, ਇਸ ਲਈ ਸਾਡੇ ਭਰਾਵਾਂ ਨੇ ਉਸ (ਸਿੱਧੂ) ਨੂੰ ਮਾਰਿਆ ਹੋਵੇਗਾ। ਸਾਡਾ ਉਸ ਦੇ ਪਿਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਉਸ ਨੇ ਕਿਹਾ-”ਪੁੱਤ ਮਰ ਗਿਆ, ਉਸ ਤੋਂ ਬਾਅਦ ਰੈਲੀਆਂ ਕਰ ਰਹੇ ਹਨ। ਹੋ ਸਕਦਾ ਹੈ, ਉਸ ਨੇ ਰਾਜਨੀਤੀ ਵਿਚ ਆਉਣਾ ਹੈ, ਚੋਣ ਲੜਨੀ ਹੈ। ਗੈਂਗਸਟਰ ਨੇ ਕਿਹਾ ‘ਮੈਂ ਸਿੱਧੂ ਮੂਸੇਵਾਲੇ ਵਰਗਾ ਨਹੀਂ ਹਾਂ, ਮੈਂ ਪਾਕਿਸਤਾਨ ਦੇ ਨਾਲ-ਨਾਲ ਖਾਲਿਸਤਾਨ ਦੇ ਖਿਲਾਫ ਵੀ ਹਾਂ। ਮੈਂ ਰਾਸ਼ਟਰਵਾਦੀ ਹਾਂ, ਮੈਂ ਦੇਸ਼ ਭਗਤ ਹਾਂ। ਸਿਰਫ਼ ਮੈਂ ਹੀ ਨਹੀਂ ਮੇਰੇ ਗੈਂਗ ਦੇ ਸਾਰੇ ਲੋਕ ਦੇਸ਼ ਭਗਤ ਹਨ। ਅਸੀਂ ਉਨ੍ਹਾਂ ਦੇ ਖਿਲਾਫ ਹਾਂ ਜੋ ਦੇਸ਼ ਦੇ ਖਿਲਾਫ ਹਨ।