ਮੁੰਬਈ | ਮੁੰਬਈ ਤੋਂ ਇਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੋਂ ਦੇ ਕਾਂਦੀਵਲੀ ਦੇ ਸਮਤਾ ਨਗਰ ਵਿਖੇ ਸ਼ੁੱਕਰਵਾਰ ਨੂੰ ਆਪਣੇ ਛੋਟੇ ਭਰਾ ਨਾਲ ਆਨਲਾਈਨ ਗੇਮ ਖੇਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ 16 ਸਾਲਾ ਲੜਕੀ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ।
ਪੁਲਿਸ ਅਨੁਸਾਰ ਲੜਕੀ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਸੀ। ਉਸ ਦਾ ਪਿਤਾ ਇਕ ਰਿਕਸ਼ਾ ਚਾਲਕ ਹੈ ਅਤੇ ਉਸ ਦੀ ਮਾਂ ਘਟਨਾ ਸਮੇਂ ਬਾਹਰ ਸੀ, ਸਿਰਫ 2 ਭੈਣਾਂ ਤੇ ਭਰਾ ਘਰ ਵਿੱਚ ਸੀ। ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦੇ ਪਿਤਾ ਕੰਮ ਲਈ ਬਾਹਰ ਗਿਆ ਹੋਇਆ ਸੀ ਤਾਂ ਭੈਣ-ਭਰਾ ਮੋਬਾਇਲ ‘ਤੇ ਗੇਮ ਖੇਡ ਰਹੇ ਸਨ, ਜਿਸ ਨੂੰ ਉਹ ਘਰ ਛੱਡ ਕੇ ਗਿਆ ਸੀ।
ਡੇਲੀਹੰਟ ਦੀ ਰਿਪੋਰਟ ਅਨੁਸਾਰ ਲੜਕੀ ਜਿਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ, ਦੀ 14 ਸਾਲਾ ਭਰਾ ਨਾਲ ਲੜਾਈ ਹੋ ਗਈ, ਜੋ ਮੋਬਾਇਲ ‘ਤੇ ਗੇਮ ਖੇਡ ਰਿਹਾ ਸੀ ਅਤੇ ਉਸ ਨੂੰ ਖੇਡਣ ਨਹੀਂ ਦੇ ਰਿਹਾ ਸੀ।
ਇਕ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ”ਗੁੱਸੇ ਵਿੱਚ ਲੜਕੀ ਘਰ ਦੇ ਨੇੜੇ ਇਕ ਮੈਡੀਕਲ ਦੁਕਾਨ ਵੱਲ ਗਈ ਅਤੇ ਚੂਹੇ ਮਾਰਨ ਵਾਲਾ ਜ਼ਹਿਰ ਖਰੀਦ ਕੇ ਖਾ ਲਿਆ ਅਤੇ ਫਿਰ ਘਰ ਜਾ ਕੇ ਆਪਣੇ ਭਰਾ ਨੂੰ ਦੱਸ ਦਿੱਤਾ।”
ਭੈਣ ਵੱਲੋਂ ਜ਼ਹਿਰ ਖਾਣ ਦੀ ਸੂਚਨਾ ਮੁੰਡੇ ਨੇ ਤੁਰੰਤ ਆਪਣੇ ਪਿਤਾ ਅਤੇ ਭੈਣ ਨੂੰ ਦਿੱਤੀ ਤੇ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਸ਼ਨੀਵਾਰ ਉਸ ਦੀ ਮੌਤ ਹੋ ਗਈ। ਸਮਤਾ ਨਗਰ ਥਾਣੇ ਦੇ ਸੀਨੀਅਰ ਇੰਸਪੈਕਟਰ ਆਨੰਦ ਰਾਓ ਹਾਂਕੇ ਨੇ ਕਿਹਾ ਕਿ ਅਸੀਂ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।