ਲੁਧਿਆਣਾ ‘ਚ ਕੱਪੜਿਆਂ ਦੀ ਦੁਕਾਨ ਬਾਹਰ ਗੋਲੀਆਂ ਚੱਲੀਆਂ, 4 ਖੋਲ ਬਰਾਮਦ

0
586

ਲੁਧਿਆਣਾ | ਲੁਧਿਆਣਾ ਦੇ ਥਾਣਾ ਹੈਬੋਵਾਲ ਦੇ ਅਧੀਨ ਆਉਂਦੇ ਸਿਵਲ ਲਾਈਨ ਇਲਾਕੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਦੇ ਬਾਹਰ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਬਦਮਾਸ਼ਾਂ ਨੇ ਦੁਕਾਨ ਦੇ ਬਾਹਰ 4 ਤੋਂ 5 ਰਾਊਂਡ ਫਾਇਰ ਕੀਤੇ। ਘਟਨਾ ਵੇਲੇ ਦੁਕਾਨ ਬੰਦ ਹੋਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵਾਕਿਆ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਹੈ। ਸਵੇਰੇ ਜਦੋਂ ਲੋਕਾਂ ਨੇ ਦੁਕਾਨ ਦੇ ਬਾਹਰ ਗੋਲੀਆਂ ਦੇ ਖੋਲ ਪਏ ਵੇਖੇ ਤਾਂ ਫਾਇਰਿੰਗ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਤੁਰੰਤ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਗੋਲੀਆਂ ਦੇ 4 ਖੋਲ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਫਾਇਰਿੰਗ ਡਸਟੀ ਲੁੱਕ ਨਾਮਕ ਕੱਪੜਿਆਂ ਦੀ ਦੁਕਾਨ ਦੇ ਬਾਹਰ ਹੋਈ।

ਸਵੇਰੇ ਦੁਕਾਨ ਦਾ ਮਾਲਕ ਹਿਮਾਂਸ਼ੂ ਜਦੋਂ ਦੁਕਾਨ ਖੋਲ੍ਹਣ ਆਇਆ ਤਾਂ ਉਸਨੇ ਬਾਹਰ ਗੋਲੀਆਂ ਦੇ ਖੋਲ ਵੇਖੇ। ਘਬਰਾਏ ਹੋਏ ਦੁਕਾਨਦਾਰ ਨੇ ਨੇੜਲੇ ਲੋਕਾਂ ਨੂੰ ਬੁਲਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ।

ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਆਂ ਚਲਾਉਣ ਵਾਲੇ ਬਦਮਾਸ਼ ਬਾਈਕ ‘ਤੇ ਸਨ ਜਾਂ ਕਾਰ ‘ਚ ਆਏ ਸਨ। ਪੁਲਿਸ ਵੱਲੋਂ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਥਾਣਾ ਹੈਬੋਵਾਲ ਦੇ ਸਬ-ਇੰਸਪੈਕਟਰ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਮੌਕੇ ਤੋਂ ਗੋਲੀਆਂ ਦੇ ਖੋਲ ਮਿਲੇ ਹਨ ਪਰ ਅਜੇ ਤੱਕ ਫਾਇਰਿੰਗ ਕਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ।

ਦੁਕਾਨਦਾਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦੋਂ ਇਸ ਘਟਨਾ ਨੂੰ ਰੰਗਦਾਰੀ ਨਾਲ ਜੋੜ ਕੇ ਪੁੱਛਿਆ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਜੇ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਕਿਹਾ ਜਾ ਸਕਦਾ। ਇਲਾਕੇ ‘ਚ ਇਸ ਤਰ੍ਹਾਂ ਦੁਕਾਨਾਂ ਦੇ ਬਾਹਰ ਗੋਲੀਆਂ ਚਲਣ ਨਾਲ ਪੁਲਿਸ ਦੀ ਪੈਟਰੋਲਿੰਗ ‘ਤੇ ਸਵਾਲ ਖੜੇ ਹੋ ਰਹੇ ਹਨ।