ਜਲੰਧਰ, ਲੁਧਿਆਣਾ ਅਤੇ ਪਟਿਆਲਾ ‘ਚ ਹੁਣ ਸ਼ਨੀਵਾਰ ਨੂੰ ਵੀ ਬੰਦ ਰਹਿਣਗੀਆਂ ਦੁਕਾਨਾਂ; ਪੜ੍ਹੋ ਹੋਰ ਕੀ-ਕੀ ਹੋਣਗੇ ਬਦਲਾਅ

0
52488

ਚੰਡੀਗੜ੍ਹ. ਸੂਬਾ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅੱਜ ਤੋਂ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਪਾਬੰਦੀਆਂ ਵਧਾ ਦਿੱਤੀਆਂ ਹਨ।

ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਕੋਵਿਡ -19 ਮਾਮਲਿਆਂ ਵਿੱਚ ਅਚਾਨਕ ਵਾਧਾ ਹੋਣ ਕਰਕੇ ਰਾਜ ਦੇ ਸਾਰੇ ਸ਼ਹਿਰਾਂ ਵਿੱਚ ਕੁਝ ਗਤੀਵਿਧੀਆਂ ‘ਤੇ ਵਾਧੂ ਪਾਬੰਦੀਆਂ ਲਾਉਣਾ ਜ਼ਰੂਰੀ ਸਮਝਿਆ ਗਿਆ ਹੈ। ਵੱਡਾ ਅਸਰ ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਲੋਕਾਂ ‘ਤੇ ਹੋਵੇਗਾ। ਹੁਣ ਇਨ੍ਹਾਂ ਤਿੰਨ੍ਹਾਂ ਸ਼ਹਿਰਾਂ ਵਿਚ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਸ਼ਨੀਵਾਰ ਨੂੰ ਵੀ ਬੰਦ ਰਹੇਗਾ। ਸ਼ਾਪਿੰਗ ਮਾਲ ਵੀ ਅਗਲੇ ਹੁਕਮਾਂ ਤੱਕ ਸ਼ਨੀਵਾਰ ਨੂੰ ਬੰਦ ਰਹਿਣਗੇ।

ਇਸ ਤੋਂ ਇਲਾਵਾ 18 ਅਗਸਤ ਤੋਂ ਅਗਲੇ ਆਦੇਸ਼ਾਂ ਤੱਕ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਮਿਊਂਸਿਪਲ ਹੱਦਾਂ ਦੇ ਅੰਦਰ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਹਨ।

ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ’ਤੇ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਮਿਊਂਸਿਪਲ ਹਦੂਦ ਦੇ ਅੰਦਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਹਾਲਾਂਕਿ, ਮਲਟੀਪਲ ਸ਼ਿਫਟਾਂ ਦੇ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਜਰੂਰੀ ਚੀਜ਼ਾਂ ਦੀ ਆਵਾਜਾਈ ਅਤੇ ਸਮਾਨ ਨੂੰ ਉਤਾਰਨ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੂੰ ਉਨਾਂ ਦੇ ਸਥਾਨਾਂ ’ਤੇ ਜਾਣ ਸਮੇਤ ਲਿਆਉਣ-ਲਿਜਾਣ ਦੀ ਆਗਿਆ ਹੋਵੇਗੀ। ਇਸੇ ਤਰਾਂ 2-3 ਸ਼ਿਫਟਾਂ ਵਿੱਚ ਚੱਲ ਰਹੇ ਉਦਯੋਗ ਵੀ ਖੁੱਲੇ ਰਹਿਣਗੇ।

ਰੈਸਟੋਰੈਂਟ, ਹੋਟਲ ਅਤੇ ਹੋਰ ਪਰਾਹੁਣਚਾਰੀ ਦੀਆਂ ਇਕਾਈਆਂ ਰਾਤ 8.30 ਵਜੇ ਤੱਕ ਖੁੱਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਦੁਕਾਨਾਂ ਅਤੇ ਸ਼ਾਪਿੰਗ ਮਾਲ ਸ਼ਾਮ 8 ਵਜੇ ਤੱਕ ਖੁੱਲੇ ਰਹਿਣਗੇ। ਸ਼ਾਪਿੰਗ ਮਾਲਾਂ ਵਿੱਚ ਸਥਿਤ ਰੈਸਟੋਰੈਂਟ / ਹੋਟਲ ਤੇ ਅਤੇ ਸ਼ਰਾਬ ਦੇ ਠੇਕੇ ਰਾਤ 8.30 ਵਜੇ ਤੱਕ ਖੁੱਲੇ ਰਹਿਣਗੇ।

ਇਸ ਤੋਂ ਇਲਾਵਾ ਰਾਜ ਭਰ ਵਿਚ ਜ਼ਰੂਰੀ ਚੀਜ਼ਾਂ ਅਤੇ ਸ਼ਾਪਿੰਗ ਮਾਲਾਂ ਵਿਚ ਵਪਾਰ ਕਰਨ ਵਾਲਿਆਂ ਤੋਂ ਇਲਾਵਾ 31.07.2020 ਦੀ ਹਦਾਇਤਾਂ ਅਨੁਸਾਰ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ।

ਬੁਲਾਰੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨੀਵਾਰ ਅਤੇ ਐਤਵਾਰ ਨੂੰ ਲੁਧਿਆਣਾ, ਪਟਿਆਲਾ ਅਤੇ ਜਲੰਧਰ ਵੱਡੇ ਸ਼ਹਿਰਾਂ ਵਿਚ ਬੇਲੋੜੀ ਯਾਤਰਾ ਤੋਂ ਗੁਰੇਜ਼ ਕਰਨ।