ਅੰਮ੍ਰਿਤਸਰ, 27 ਦਸੰਬਰ| ਅਜਨਾਲਾ ਥਾਣਾ ਹਿੰਸਾ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਨੇ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ ਦਿੱਤਾ ਹੈ। ਅਜਨਾਲਾ ਥਾਣਾ ਹਿੰਸਾ ਮਾਮਲੇ ਵਿੱਚ ਅੰਮ੍ਰਿਤਪਾਲ ਦੇ ਸਾਥੀ ਸ਼ਿਵ ਕੁਮਾਰ ਅਤੇ ਭੁਪਿੰਦਰ ਸਿੰਘ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਨੇ ਖਾਰਜ ਕਰਦੀ ਹੈ।
ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਕਿਸੇ ਵੀ ਨਾਗਰਿਕ ਲਈ ਨਿਆਂ ਪ੍ਰਬੰਧਕੀ ਵਿਚ ਸ਼ਾਮਲ ਹੋਣਾ ਅਤੇ ਭੀੜ ਦੇ ਜ਼ੋੋਰ ਉਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਅਦਾਲਤ ਨੇ ਕਿਹਾ ਕਿ ਆਰੋਪ ਬੇਹੱਦ ਗੰਭੀਰ ਹਨ ਤੇ ਇਹ ਕਹਿਣਾ ਕਿ ਪਟੀਸ਼ਨਕਰਤਾ ਪਿਛਲੇ 8 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਹਨ, ਦੇ ਅਧਾਰ ਉਤੇ ਇਨ੍ਹਾਂ ਦੀ ਜ਼ਮਾਨਤ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ।
ਆਰੋਪੀਆਂ ਨੇ ਅਦਾਲਤ ਨੂੰ ਦਿੱਤੀ ਸੀ ਇਹ ਦਲੀਲ
ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਆਰੋਪੀ ਨੇ ਕਿਹਾ ਕਿ ਘਟਨਾ ਵਾਲੇ ਦਿਨ ਉਹ ਅਜਨਾਲਾ ਵਿੱਚ ਹੀ ਨਹੀਂ ਸਨ, ਜਿਸਦੇ ਚਲਦਿਆਂ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਅਦਾਲਤ ਨੂੰ ਦੱਸਿਆ ਕਿ ਐਫਆਈਆਰ ਵਿਚ ਵੀ ਹੋਈ ਦੇਰੀ
ਆਰੋਪੀਆਂ ਨੇ ਅਦਾਲਤ ਨੂੰ ਦੱਸਿਆ ਕਿ ਐਫਆਈਆਰ ਦਰਜ ਕਰਨ ਵਿੱਚ ਵੀ ਕਾਫੀ ਦੇਰੀ ਹੋਈ, ਘਟਨਾ 23 ਫਰਵਰੀ ਨੂੰ ਦੁਪਹਿਰ 2 ਵਜੇ ਹੋਈ, ਐਫਆਈਆਰ 24 ਫਰਵਰੀ ਨੂੰ ਰਾਤ 9:50 ਵਜੇ ਦਰਜ ਕੀਤੀ ਗਈ। ਪੰਜਾਬ ਸਰਕਾਰ ਨੇ ਅਦਾਲਤ ਨੂੂੰ ਦੱਸਿਆ ਕਿ ਆਰੋਪੀਆਂ ਨੇ ਅੰਮ੍ਰਿਤਪਾਲ ਦਾ ਸਾਥ ਦਿੱਤਾ ਸੀ। ਅੰਮ੍ਰਿਤਪਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਊ ਭਾਸ਼ਣ ਦੇ ਕੇ ਗੁੰਮਰਾਹ ਕੀਤਾ ਸੀ।