ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ਵਿਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸੂਬੇ ਵਿਚ ਧਾਰਮਿਕ ਮੁੱਦਿਆਂ ਉਤੇ ਹੋ ਰਹੀਆਂ ਟਿੱਪਣੀਆਂ ਉਤੇ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਇਕ ਪਾਸੇ ਅੰਮ੍ਰਿਤਪਾਲ ਸਿੰਘ ਖਿਲਾਫ ਖਾਲਿਸਤਾਨ ਨੂੰ ਲੈ ਕੇ ਜਾਰੀ ਹੋ ਰਹੇ ਬਿਆਨਾਂ ਨਾਲ ਹਿੰਦੂ ਭੜਕ ਗਏ ਹਨ, ਉਥੇ ਹੀ ਹੁਣ ਗੁਰਦਾਸਪੁਰ ਤੋਂ ਇਕ ਸ਼ਿਵ ਸੈਨਿਕ ਨੇ ਗੋਲਡਨ ਟੈਂਪਲ ਉਤੇ ਹਮਲਾ ਕਰਨ ਦੀ ਗੱਲ ਕਹਿ ਕੇ ਸਿੱਖਾਂ ਦੀ ਆਸਥਾ ਨੂੰ ਸੱਟ ਮਾਰੀ ਹੈ। ਹਾਲਾਤ ਉਤੇ ਸ਼੍ਰੋਮਣੀ ਕਮੇਟੀ ਨੇ ਚਿੰਤਾ ਜ਼ਾਹਿਰ ਕੀਤੀ ਹੈ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਸ਼ਿਵਸੈਨਿਕ ਹਰਵਿੰਦਰ ਸਿੰਘ ਸੋਨੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਆਪਣੇ ਬਿਆਨ ਵਿਚ ਗੋਲਡਨ ਟੈਂਪਲ ਉਤੇ ਹਮਲੇ ਦੀ ਗੱਲ ਕਰ ਰਿਹਾ ਹੈ। ਹਰਵਿੰਦਰ ਦਾ ਕਹਿਣਾ ਹੈ ਕਿ ਸਾਰਾ ਹਿੰਦੂ ਸਮਾਜ ਇਕੱਠਾ ਹੈ ਤੇ ਕੁਰਬਾਨੀ ਦੇਣ ਲਈ ਤਿਆਰ ਹੈ।
ਹਰਵਿੰਦਰ ਨੇ ਕਿਹਾ ਕਿ ਅੱਤਵਾਦ ਆਪਣੇ ਸ਼ੁਰੂਆਤੀ ਦੌਰ ਵਿਚ ਹੈ। ਸਾਰਿਆਂ ਨੂੰ ਆਪਣੇ ਪੱਧਰ ਉਤੇ ਦਬਾਅ ਬਣਾਉਣ ਦੀ ਜ਼ਰੂਰਤ ਹੈ, ਤਾਂ ਕਿ ਇਸਨੂੰ ਹੁਣੇ ਹੀ ਰੋਕਿਆ ਜਾ ਸਕੇ। ਜੋ ਹਾਲਾਤ ਹੁਣ ਪਨਪ ਰਹੇ ਹਨ, ਉਨ੍ਹਾਂ ਉਤੇ ਰੋਕ ਲਗਾਈ ਜਾਵੇ। ਬਾਅਦ ਵਿਚ ਅਜਿਹੇ ਹਾਲਾਤ ਨਾ ਬਣ ਜਾਣ ਕਿ ਦੁਬਾਰਾ ਹਰਿਮੰਦਰ ਸਾਹਿਬ ਉਤੇ ਹਮਲਾ ਕਰਕੇ ਅੱਤਵਾਦੀਆਂ ਨੂੰ ਮਾਰਨਾ ਪਵੇ। ਇਸ ਲਈ ਵਧੀਆ ਹੈ ਕਿ ਉਨ੍ਹਾਂ ਨੂੰ ਉਥੇ ਸਥਾਈ ਤੌਰ ‘ਤੇ ਬੈਠਣ ਨਾ ਦਿੱਤਾ ਜਾਵੇ।
ਬਿਆਨਬਾਜ਼ੀ ਕਰਨ ਵਾਲੇ ਉਤੇ ਹੋਵੇ ਕਾਰਵਾਈ
ਐਸਜੀਪੀਸੀ ਮੈਂਬਰ ਰਾਮ ਸਿੰਘ ਨੇ ਕਿਹਾ ਕਿ ਸੁਧੀਰ ਸੂਰੀ ਦੇ ਕਤਲ ਮਾਮਲੇ ਉਤੇ ਉਹ ਕੁਝ ਨਹੀਂ ਕਹਿਣਗੇ, ਪਰ ਹੁਣ ਵੀ ਕਈ ਹਿੰਦੂ ਨੇਤਾ ਲਗਾਤਾਰ ਸਿੱਖ ਧਰਮ ਉਤੇ ਟਿੱਪਣੀਆਂ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਦਾ ਸੂਬੇ ਵੱਲ ਧਿਆਨ ਨਹੀਂ ਹੈ। ਪੰਜਾਬ ਦਾ ਲਾਅ ਐਂਡ ਆਰਡਰ ਵਿਗੜਿਆ ਹੋਇਆ ਹੈ। ਵਾਰਦਾਤਾਂ ਹੋ ਰਹੀਆਂ ਹਨ, ਪਰ ਪੁਲਿਸ ਦਾ ਕੰਟਰੋਲ ਨਹੀਂ ਹੈ। ਪੰਜਾਬ ਇਸ ਸਮੇਂ ਬੇਲਗਾਮ ਹੋਇਆ ਪਿਆ ਹੈ। ਪੰਜਾਬ ਦੇ ਮਾਹੌਲ ਨੂੰ ਇਸ ਸਮੇਂ ਸ਼ਾਂਤ ਰੱਖਣ ਦੀ ਜ਼ਰੂਰਤ ਹੈ। ਸੂਬਾ ਸਰਕਾਰ ਨੂੰ ਧਾਰਮਿਕ ਟਿੱਪਣੀਆਂ ਕਰਨ ਵਾਲਿਆਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।