ਸ਼ਿਮਲਾ : ਸੰਤੁਲਨ ਵਿਗੜਨ ਕਾਰਨ ਪਟਿਆਲਾ ਦੇ ਨੌਜਵਾਨ ਦੀ ਕਾਰ ਖੱਡ ‘ਚ ਡਿੱਗੀ, ਦਰਦਨਾਕ ਮੌਤ

0
419

ਸ਼ਿਮਲਾ| ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਥੀਓਗ-ਹਟਕੋਟੀ ਹਾਈਵੇਅ ‘ਤੇ ਇਕ ਕਾਰ ਡੂੰਘੀ ਖੱਡ ‘ਚ ਡਿੱਗ ਗਈ। ਇਸ ਵਿੱਚ ਪੰਜਾਬ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਕਾਰ ‘ਚ ਸ਼ਿਮਲਾ ਤੋਂ ਥੀਓਗ ਜਾ ਰਿਹਾ ਸੀ। ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਕਰੀਬ 300 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਕਾਰ ‘ਚ ਸਿਰਫ਼ ਇੱਕ ਵਿਅਕਤੀ ਮੌਜੂਦ ਸੀ, ਜਿਸ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਰਵਿੰਦਰ ਸਿੰਘ ਰਾਏਤਾ ਨੇ ਦੱਸਿਆ ਕਿ ਉਹ ਆਪਣੇ ਬਾਗ ਵਿੱਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਉਸ ਨੇ ਕਾਰ ਡਿੱਗਣ ਦੀ ਆਵਾਜ਼ ਸੁਣੀ। ਜਦੋਂ ਉਹ ਕੁਝ ਲੋਕਾਂ ਨਾਲ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਕਾਰ ਨੰਬਰ (ਪੀ.ਬੀ. 01ਸੀ-8221) ਖੱਡ ‘ਚ ਡਿੱਗੀ ਪਈ ਸੀ। ਕਾਰ ਵਿੱਚ ਇੱਕ ਵਿਅਕਤੀ ਸੀ। ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਮ੍ਰਿਤਕ ਦੀ ਪਛਾਣ ਸਤਪਾਲ ਸਿੰਘ ਪੁੱਤਰ ਵਿਜੇਪਾਲ ਸਿੰਘ ਵਾਸੀ ਮਕਾਨ ਨੰਬਰ 26 ਵਿਸ਼ਿਸ਼ਟ ਸਦਨ, ਸ਼ਾਂਤੀ ਨਗਰ, ਜ਼ਿਲ੍ਹਾ ਪਟਿਆਲਾ ਪੰਜਾਬ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 279, 304 (ਏ) ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।