ਲੁਧਿਆਣਾ | ATM ਮਸ਼ੀਨਾਂ ਵਿਚੋਂ ਨਕਦੀ ਕਢਵਾਉਂਦੇ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਧੋਖੇ ਨਾਲ ਏਟੀਐਮ ਕਾਰਡ ਬਦਲ ਕੇ ਖਾਤਾ ਸਾਫ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਫੜ ਲਿਆ ਹੈ। ਮੁਲਜ਼ਮ ਮੋਤੀ ਨਗਰ ਮਾਰਕੀਟ ਵਿਚ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ ਤਾਂ ਮਾਰਕੀਟ ਵਾਲਿਆਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੀ ਛਿੱਤਰ ਪਰੇਡ ਕੀਤੀ ਤੇ ਪੁਲਿਸ ਹਵਾਲੇ ਕੀਤਾ। ਜਾਂਚ ਅਧਿਕਾਰੀ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ 35 ਏਟੀਐਮ ਕਾਰਡ ਬਰਾਮਦ ਕੀਤੇ ਹਨ। ਏਐਸਆਈ ਜਤਿੰਦਰ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਮ ਨਗਰ ਭਾਮੀਆਂ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਵਜੋਂ ਹੋਈ ਹੈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਮਾਰਕੀਟ ਵਾਲੇ ਮੁਲਜ਼ਮ ਦੀ ਕੁੱਟਮਾਰ ਕਰ ਰਹੇ ਸਨ। ਪੁਲਿਸ ਨੇ ਤੁਰੰਤ ਹਿਰਾਸਤ ਵਿਚ ਲੈ ਕੇ ਜਦੋਂ ਤਲਾਸ਼ੀ ਲਈ ਤਾਂ ਮੁਲਜ਼ਮ ਦੇ ਕਬਜ਼ੇ ਤੋਂ ਕਈ ਕਾਰਡ ਬਰਾਮਦ ਕੀਤੇ। ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਇਲਾਕੇ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਉਸਨੂੰ ਬੁੱਧਵਾਰ ਦੁਪਹਿਰ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।