ASI ਦਾ ਸ਼ਰਮਨਾਕ ਕਾਰਾ : ਔਰਤ ਨਾਲ ਬਣਾਏ ਸਰੀਰਕ ਸਬੰਧ, ਗਰਭਵਤੀ ਹੋਣ ਪਿੱਛੋਂ ਜ਼ਬਰਦਸਤੀ ਕਰਵਾਇਆ ਗਰਭਪਾਤ

0
567

ਲੁਧਿਆਣਾ। ਪੰਜਾਬ ਪੁਲਿਸ ਵਿੱਚ ਤਾਇਨਾਤ ਏਐਸਆਈ ਵੱਲੋਂ ਮਹਿਲਾ ਦੀਆਂ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਗਏ। ਐਨਾ ਹੀ ਨਹੀਂ ਮੁਲਜ਼ਮ ਨੇ ਔਰਤ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਵੀ ਬਣਾ ਲਈ। ਛੇ ਮਹੀਨੇ ਦੀ ਗਰਭਵਤੀ ਹੋਣ ਦਾ ਪਤਾ ਲਗਦੇ ਹੀ ਮੁਲਜ਼ਮ ਨੂੰ ਡਰਾ ਧਮਕਾ ਕੇ ਉਸਦਾ ਜ਼ਬਰਦਸਤੀ ਅਬੋਰਸ਼ਨ ਕਰਵਾ ਦਿੱਤਾ। ਇਸ ਮਾਮਲੇ ਵਿਚ ਤਫਤੀਸ਼ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ਉੱਤੇ ਸੰਗਰੂਰ ਦੇ ਰਹਿਣ ਵਾਲੇ ਕਿ ਏਐੱਸਆਈ ਸੁਖਵਿੰਦਰ ਸਿੰਘ ( ਬੈਲਟ ਨੰਬਰ 731) ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਬਿਮਾਰ ਰਹਿੰਦਾ ਸੀ। ਬਿਮਾਰੀ ਦੇ ਚਲਦਿਆਂ ਘਰ ਦਾ ਗੁਜ਼ਾਰਾ ਚੱਲਣਾ ਬੇਹੱਦ ਮੁਸ਼ਕਿਲ ਹੋ ਗਿਆ ਸੀ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਇਸੇ ਦੌਰਾਨ ਲੁਧਿਆਣਾ ਦੇ ਬੱਸ ਸਟੈਂਡ ਉੱਤੇ ਉਸਦੀ ਮੁਲਾਕਾਤ ਏਐੱਸਆਈ ਸੁਖਵਿੰਦਰ ਸਿੰਘ ਨਾਲ ਹੋਈ, ਜੋ ਉਸ ਵੇਲੇ ਬਰਨਾਲਾ ਵਿੱਚ ਡਿਊਟੀ ਕਰਦਾ ਹੈ। ਮੁਲਜ਼ਮ ਨੇ ਔਰਤ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਉਸ ਨੂੰ ਝੂਠੇ ਸਬਜ਼ਬਾਗ ਦਿਖਾਉਣੇ ਸ਼ੁਰੂ ਕਰ ਦਿੱਤੇ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਘਰੇਲੂ ਮਜਬੂਰੀਆਂ ਦੇ ਚਲਦੇ ਉਹ ਉਸ ਦੇ ਝਾਂਸੇ ਵਿਚ ਫਸ ਗਈ ਅਤੇ ਮੁਲਜ਼ਮ ਨਾਲ ਮਿਲਣ ਲੱਗ ਪਈ। ਏਐੱਸਆਈ ਨੇ ਔਰਤ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ।

ਔਰਤ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਬਣਾ ਲਈ| ਕੁਝ ਦਿਨਾਂ ਬਾਅਦ ਔਰਤ ਗਰਭਵਤੀ ਹੋ ਗਈ, ਪਤਾ ਲਗਦੇ ਹੀ ਮੁਲਜ਼ਮ ਨੇ ਔਰਤ ਉਪਰ ਗਰਭਪਾਤ ਕਰਵਾਉਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਔਰਤ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ 6 ਮਹੀਨਿਆਂ ਦੀ ਗਰਭਵਤੀ ਹੋਣ ਤੇ ਉਸ ਨੂੰ ਡਰਾ-ਧਮਕਾ ਕੇ ਜ਼ਬਰਦਸਤੀ ਅਬੋਰਸ਼ਨ ਕਰਵਾ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।