ਮਾਨਵਤਾ ਹੋਈ ਸ਼ਰਮਸਾਰ : ਜਲੰਧਰ ਦੇ ਪ੍ਰਤਾਪ ਬਾਗ ਨੇੜੇ ਝਾੜੀਆਂ ‘ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

0
733

ਜਲੰਧਰ | ਥਾਣਾ ਨੰਬਰ 3 ਦੀ ਹੱਦ ‘ਚ ਪੈਂਦੇ ਪ੍ਰਤਾਪ ਬਾਗ ਨੇੜੇ ਝਾੜੀਆਂ ‘ਚੋਂ 2-3 ਦਿਨ ਦੀ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲੋਕਾਂ ਨੇ ਜਦੋਂ ਕੁੱਤਿਆਂ ਨੂੰ ਲਾਸ਼ ਨੋਚਦੇ ਦੇਖਿਆ ਤਾਂ ਉਨ੍ਹਾਂ ਨੇ ਕੁੱਤਿਆਂ ਨੂੰ ਭਜਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 3 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪ੍ਰਤਾਪ ਬਾਗ ਦੇ ਕੋਲ ਝਾੜੀਆਂ ਵਿੱਚ 2-3 ਦਿਨਾਂ ਦੀ ਬੱਚੀ ਦੀ ਲਾਸ਼ ਪਈ ਹੈ, ਜਿਸ ਨੂੰ ਕੁੱਤੇ ਨੋਚ ਰਹੇ ਹਨ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ।

ਉਨ੍ਹਾਂ ਦੱਸਿਆ ਕਿ ਇਹ ਲਾਸ਼ 2-3 ਦਿਨ ਦੀ ਬੱਚੀ ਦੀ ਲੱਗ ਰਹੀ ਹੈ। ਉਹ ਆਸ-ਪਾਸ ਦੇ ਹਸਪਤਾਲਾਂ ਵਿੱਚ ਤੇ ਦਾਈ ਦਾ ਕੰਮ ਕਰਨ ਵਾਲੀਆਂ ਔਰਤਾਂ ਕੋਲੋਂ ਇਸ ਬਾਰੇ ਪੁੱਛਗਿੱਛ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਜਿਸ ਥਾਂ ‘ਤੇ ਝਾੜੀਆਂ ‘ਚੋਂ ਲਾਸ਼ ਮਿਲੀ ਹੈ, ਉਸ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਮੀਦ ਹੈ ਕਿ ਬੱਚੀ ਦੀ ਲਾਸ਼ ਸੁੱਟਣ ਵਾਲਿਆਂ ਦਾ ਕਿਸੇ ਕੈਮਰੇ ਵਿੱਚ ਪਤਾ ਲੱਗ ਜਾਵੇਗਾ। ਫਿਲਹਾਲ ਉਨ੍ਹਾਂ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।