ਜਲੰਧਰ|ਪੰਜਾਬ ਵਿੱਚ ਹਰ ਰੋਜ਼ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੱਕ ਦਿਨ ਵੀ ਅਜਿਹਾ ਨਹੀਂ ਹੁੰਦਾ ਹੈ, ਜਦੋਂ ਅਜਿਹੀ ਘਟਨਾ ਸਾਹਮਣੇ ਨਹੀਂ ਆਉਂਦੀ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ, ਜੋ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਘਟਨਾ ਜਲੰਧਰ ਦੀ ਹੈ, ਇਥੇ ਹੁਣ ਇਕ 70 ਸਾਲਾ ਬਜ਼ੁਰਗ ਔਰਤ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਨਾਲ ਆਟੋ ਚਾਲਕ ਵੱਲੋਂ ਇਹ ਘਿਣੌਨੀ ਹਰਕਤ ਕੀਤੀ ਗਈ। ਦਰਅਸਲ ਬਜ਼ੁਰਗ ਔਰਤ ਰਾਮਾ ਮੰਡੀ ਚੌਕੀ ਦੀ ਰਹਿਣ ਵਾਲੀ ਹੈ ਅਤੇ ਉਥੋਂ ਉਹ ਕਿਤੇ ਜਾਣ ਲਈ ਆਟੋ ‘ਚ ਬੈਠੀ ਸੀ ਤਾਂ ਦੋਸ਼ੀ ਡਰਾਈਵਰ ਨੇ ਉਸ ਨੂੰ ਕਿਹਾ ਕਿ ਉਸ ਨੇ ਆਟੋ ‘ਚ ਪੈਟਰੋਲ ਪਾਉਣਾ ਹੈ, ਇਸ ਲਈ ਉਹ ਕਿਸੇ ਹੋਰ ਰਸਤੇ ਤੋਂ ਲੈ ਜਾਵੇਗਾ। ਉਸ ਨੇ ਬਜ਼ੁਰਗ ਔਰਤ ਨੂੰ ਉਸ ਸੜਕ ਤੋਂ ਲੈ ਜਾਣਾ ਸ਼ੁਰੂ ਕਰ ਦਿੱਤਾ, ਜਿਥੇ ਆਲੇ-ਦੁਆਲੇ ਕੋਈ ਨਹੀਂ ਸੀ। ਫਿਰ ਰਸਤੇ ‘ਚ ਝਾੜੀਆਂ ਨੇੜੇ ਆਟੋ ਨੂੰ ਰੋਕ ਲਿਆ, ਜਿਸ ਤੋਂ ਬਾਅਦ ਡਰਾਈਵਰ ਬਜ਼ੁਰਗ ਔਰਤ ਨੂੰ ਖਿੱਚ ਕੇ ਝਾੜੀਆਂ ‘ਚ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਔਰਤ ਵੱਲੋਂ ਰੌਲਾ ਪਾਉਣ ਤੋਂ ਬਾਅਦ ਲੋਕਾਂ ਨੇ ਦੋਸ਼ੀ ਡਰਾਈਵਰ ਨੂੰ ਕਾਬੂ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਕੈਂਟ ਦੀ ਪੁਲਸ ਨੇ ਦੋਸ਼ੀ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਔਰਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਡਰਾਈਵਰ ਨੇ ਇਹ ਘਿਨੌਣੀ ਹਰਕਤ ਕੀਤੀ ਤਾਂ ਉਹ ਨਸ਼ੇ ‘ਚ ਸੀ।