ਪੰਜਾਬੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਰਾਹ ਬਣਿਆ ‘ਸ਼ਮ੍ਹਾਦਾਨ’ ਰਸਾਲਾ

0
11661

ਪੰਜਾਬੀ ਦੇ ਤਿਮਾਹੀ ਪਰਚੇ ਸ਼ਮ੍ਹਾਦਾਨ ਦੇ ਸ਼ੁਰੂ ਹੋਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਜੋ ਕਿ ਅੱਜਕੱਲ੍ਹ ਕੋਰੋਨਾ ਸੰਕਟ ਕਰਕੇ ਆਨਲਾਈਨ ਛਪ ਰਿਹਾ ਹੈ। ਲੁਧਿਆਣਾ ਦੇ ਮੁੱਲਾਂਪੁਰ ਵਿਚ ਰਹਿਣ ਵਾਲੀ ਪੰਜਾਬੀ ਲੇਖਕਾ ਅਤੇ ਅਧਿਆਪਕਾ ਰਵਨੀਤ ਕੌਰ ਆਪਣੀ ਤਨਖ਼ਾਹ ਦੇ ਬੱਜਟ ਵਿਚੋਂ ਹੀ ਰਸਾਲੇ ਨੂੰ ਚਲਾਉਣ ਦਾ ਕਾਰਜ ਕਰ ਰਹੇ ਹਨ। ਸ਼ਮ੍ਹਾਦਾਨ ਰਾਹੀਂ ਉਹ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਅਤੇ ਪੰਜਾਬੀ ਵਿਚ ਲਿਖਣ ਲਈ ਉਤਾਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਅੱਗੇ ਅਸੀਂ ਪੰਜਾਬੀ ਬੁਲੇਟਿਨ ਵਲੋਂ ਕੀਤੀ ਮੁਲਾਕਾਤ ਦੇ ਅੰਸ਼ ਸਾਂਝੇ ਕਰ ਰਹੇ ਹਾਂ।

ਤੁਹਾਨੂੰ ਪਰਚਾ ਕੱਢਣ ਦਾ ਵਿਚਾਰ ਕਿਵੇਂ ਆਇਆ?

→ ਅਸੀਂ ਪਹਿਲਾਂ ਕਿਤਾਬਾਂ ਛਪਾਉਣ ਦੀ ਸੋਚ ਰਹੇ ਸੀ ਜੋ ਨੌਜਵਾਨ ਬੱਚਿਆਂ ਦੇ ਕੰਮ ਆਉਣ। ਬਾਲ ਸਾਹਿਤ ਉਨ੍ਹਾਂ ਦੀ ਉਮਰ ਤੋਂ ਬਹੁਤ ਛੋਟਾ ਰਹਿ ਜਾਂਦਾ ਹੈ ਤੇ ਬਾਲ ਸਾਹਿਤ ਪੜ੍ਹਨ ਦੀ ਅਜੇ ਉਨ੍ਹਾਂ ਦੀ ਉਮਰ ਨਹੀਂ ਹੁੰਦੀ। ਮੈਨੂੰ ਲੱਗਿਆ ਕਿ ਕਿਸ਼ੋਰ ਉਮਰ ਦੇ ਨੌਜਵਾਨਾਂ ਦੇ ਪੜ੍ਹਨ ਲਈ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਅੱਗੇ ਲਿਆਉਣ ਲਈ ਅਜਿਹਾ ਕੋਈ ਕਿਤਾਬ ਨਾਲੋਂ ਵੀ ਜ਼ਿਆਦਾ ਸਿਲਸਿਲੇਵਾਰ ਅੰਕ ਸ਼ੁਰੂ ਕਰਨਾ ਚਾਹੀਦਾ ਹੈ ਜੋ ਲਗਾਤਾਰ ਨੌਜਵਾਨਾਂ ਦੀ ਪਸੰਦ ਬਣੀ ਰਹੇ ਤੇ ਉਹਦੇ ਵਿੱਚ ਗਤੀਸ਼ੀਲਤਾ ਨਾਲ ਹਰ ਵਾਰੀ ਨਵਾਂ ਜੋੜਿਆ ਜਾ ਸਕੇ। ਕਿਉਂਕਿ ਕਿਤਾਬ ਦੇ ਵਿੱਚ ਵਾਰ-ਵਾਰ ਨਹੀਂ ਜੋੜਿਆ ਜਾ ਸਕਦਾ, ਬਸ ਇੱਥੋਂ ਹੀ ਕਿਤਾਬ ਦੀ ਬਜਾਏ ਰਸਾਲਾ ਕੱਢਣ ਦਾ ਵਿਚਾਰ ਮਨ ਵਿੱਚ ਆਇਆ ਤੇ ਮੈਗਜ਼ੀਨ ਸ਼ਮ੍ਹਾਦਾਨ ਨੇ ਰੂਪ ਅਖਤਿਆਰ ਕੀਤਾ।

ਤੁਹਾਨੂੰ ਲੱਗਦਾ ਹੈ ਕਿ ਸਾਹਿਤਕ ਪਰਚੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜ ਰਹੇ ਹਨ?

→ ਜੀ, ਨੌਜਵਾਨ ਪੀੜ੍ਹੀ ਨੂੰ ਸਾਹਿਤਕ ਰਸਾਲੇ ਸਾਹਿਤ ਨਾਲ਼ ਜੋੜਦੇ ਹਨ। ਪਰ ਦੋ ਸ਼ਰਤਾਂ ਹਨ। ਪਹਿਲੀ ਗੱਲ ਕਿ ਸਾਹਿਤ ਵਾਕਿਆ ਹੀ ਸਾਹਿਤਕ ਹੋਣਾ ਚਾਹੀਦਾ ਹੈ। ਕਈ ਜਗ੍ਹਾ ਨੌਜਵਾਨਾਂ ਨੂੰ ਅਜਿਹਾ ਸਾਹਿਤ ਵੀ ਦਿੱਤਾ ਜਾ ਰਿਹਾ ਹੈ। ਜੋ ਸਾਹਿਤ ਹੀ ਨਹੀਂ ਹੈ। ਸਗੋਂ ਸਾਹਿਤ ਦੇ ਨਾਂ ‘ਤੇ ਅਸਲ ਵਿੱਚ ਉਨ੍ਹਾਂ ਦਾ ਧਿਆਨ ਖਿੱਚਣ, ਲੋਕਪ੍ਰਿਅ ਹੋਣ ਤੇ ਉਨ੍ਹਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ। ਦੂਜੀ ਗੱਲ ਇਹ ਕਿ ਜੋ ਵਾਕਿਆ ਹੀ ਚੰਗੀਆਂ ਸਾਹਿਤਕ ਕਿਰਤਾਂ ਹਨ ਉਨ੍ਹਾਂ ਨਾਲ ਕੁਝ ਨੌਜਵਾਨ ਵੀ ਘੱਟ ਜੁੜਦੇ ਹਨ, ਕਿਉਂਕਿ ਉਨ੍ਹਾਂ ਦਾ ਸੰਚਾਰ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਰਨਾ ਪਵੇਗਾ ਕਿਉਂ ਜੋ ਅੱਜਕੱਲ੍ਹ ਪੜ੍ਹਨ ਦੀ ਬਜਾਏ ਵੇਖਣ ਤੇ ਸੁਣਨ ਦਾ ਜ਼ਮਾਨਾ ਵੱਧ ਗਿਆ ਹੈ।

ਸ਼ਮ੍ਹਾਦਾਨ ਦੇ ਖਰਚਿਆਂ ਦੀ ਪੂਰਤੀ ਕਿਵੇਂ ਹੁੰਦੀ ਹੈ?

→ ਰਸਾਲੇ ਦੇ ਖ਼ਰਚੇ ਦੀ ਅਜੇ ਤੱਕ ਸਾਨੂੰ ਕੋਈ ਸਮੱਸਿਆ ਨਹੀਂ ਆਈ, ਪਰ ਇੰਨਾ ਕੁ ਕਦਮ ਸਾਨੂੰ ਆਪਣੇ ਪੱਧਰ ‘ਤੇ ਕਰਨ ਵਿੱਚ ਕੋਈ ਉਜਰ ਵੀ ਨਹੀਂ। ਪਰ ਆਉਣ ਵਾਲੇ ਸਮੇਂ ਵਿੱਚ ਇਸ ਦਾ ਵੀ ਬਾਕੀ ਰਸਾਲਿਆਂ ਦੀ ਤਰ੍ਹਾਂ ਚੰਦਾ ਭਰਨਾ ਪਿਆ ਕਰੇਗਾ। ਉਸ ਨਾਲ ਖਰਚਾ ਨਿਕਲ ਆਇਆ ਕਰੇਗਾ ਪਰ ਵੱਡੀ ਗੱਲ ਇਹ ਕਿ ਜਿੱਥੇ ਵੀ ਸਾਨੂੰ ਆਪਣੇ ਵੱਲੋਂ ਨੌਜਵਾਨਾਂ ਨੂੰ ਤੇ ਸਮਾਜ ਦੇ ਕਿਸੇ ਵੀ ਰੌਸ਼ਨ ਤਬਕੇ ਨੂੰ ਰੌਸ਼ਨੀ ਦੇਣ ਲਈ ਸ਼ਮ੍ਹਾਦਾਨ ਦਾ ਮੰਚ ਪਲੇਟਫਾਰਮ ਦੇਣਾ ਪਿਆ ਤਾਂ ਉਸ ‘ਚ ਅਸੀਂ ਤਿਆਰ ਹਾਂ। ਪੱਲਿਓਂ ਪੈਸੇ ਖਰਚ ਕੇ ਵੀ ਅਸੀਂ ਘਾਟੇ ਵਿੱਚ ਨਹੀਂ ਰਹਿੰਦੇ ਕਿਉਂਕਿ ਸਮਾਜ ਨੂੰ ਸਹੀ ਦਿਸ਼ਾ ਦੇਣਾ ਵਧੇਰੇ ਵੱਡਾ ਮੁਨਾਫ਼ਾ ਹੈ।

ਲਿਖਣ ਪੜ੍ਹਨ ਤੋਂ ਇਲਾਵਾ ਹੋਰ ਕੀ ਕਰਨਾ ਪਸੰਦ ਕਰਦੇ ਹੋ?

→ ਮੇਰਾ ਪੇਸ਼ਾ ਅਧਿਆਪਨ ਹੈ। ਮੈਂ ਪੰਜਾਬੀ ਦੀ ਲੈਕਚਰਾਰ ਹਾਂ। ਜਾਨਵਰਾਂ ਦੀ ਭਲਾਈ ਕਰਨਾ ਖ਼ਾਸਕਰ ਆਵਾਰਾ ਕੁੱਤੇ, ਗਾਵਾਂ, ਬਲ਼ਦ ਆਦਿ ਦੀ ਸੰਭਾਲ ਕਰਨਾ ਮੈਨੂੰ ਪਸੰਦ ਹੈ। ਮੈਂ ਕਵਿਤਾ ਵੀ ਲਿਖਦੀ ਹਾਂ ਹੁਣ ਤੱਕ ਮੇਰੀਆਂ ਤਿੰਨ ਕਿਤਾਬਾਂ ‘ਖਿਆਲਾਂ ਦੀ ਖਾਰੀ’, ‘ਤਰਕ ਦੀ ਲੋਅ’ ਤੇ ‘ਪੀੜਾਂ ਤੇ ਪੈੜਾਂ’ ਆ ਚੁੱਕੀਆ ਹਨ।

ਕਵਿਤਾ ਤੇ ਵਾਰਤਕ ਵਿਚੋਂ ਕਿਹੜੀ ਵਿਧਾ ਦਿਲ ਦੇ ਨੇੜੇ ਹੈ?

→ ਕਵਿਤਾ ਦਿਲ ਦੇ ਵਧੇਰੇ ਨੇੜੇ ਹੈ। ਉਂਝ ਵੀ ਕਵਿਤਾ ਦਿਲ (ਭਾਵਨਾਵਾਂ) ਦੇ ਨੇੜੇ ਹੁੰਦੀ ਹੈ ਅਤੇ ਵਾਰਤਕ ਦਿਮਾਗ ਦੇ..

ਤੁਸੀਂ ਇਕ ਸੰਪਾਦਕ ਹੋਣ ਦੇ ਨਾਤੇ ਦੱਸੋਂ ਕਿ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਹੈ ਜਾਂ ਨਹੀਂ?

→ ਬਿਲਕੁਲ ਜੀ, ਪੰਜਾਬੀ ਰੁਜ਼ਗਾਰ ਦੀ ਭਾਸ਼ਾ ਹੈ, ਜਿਸ ਵਿੱਚ ਅਧਿਆਪਨ, ਅਖ਼ਬਾਰ ਰਸਾਲਿਆਂ ਦੇ ਸੰਪਾਦਨ, ਵਿਰਾਸਤੀ ਟੂਰਿਸਟ ਗਾਈਡ, ਲੇਖਣ ਜਿਵੇਂ ਕਿ ਸਕ੍ਰਿਪਟ ਲਿਖਣ ਆਦਿ। ਇਸੇ ਤਰ੍ਹਾਂ ਅਦਾਕਾਰੀ, ਨਿਰਦੇਸ਼ਨ, ਧਾਰਮਿਕ ਸੰਸਥਾਵਾਂ ‘ਚ ਪਾਠੀ, ਭਾਈ ਜੀ ਤੇ ਪ੍ਰਚਾਰਕ ਦੇ ਤੌਰ ‘ਤੇ ਵੀ ਰੁਜ਼ਗਾਰ ਦਾ ਬਹੁਤ ਖੁੱਲ੍ਹਾ ਮੌਕਾ ਹੈ। ਗਾਇਨ ਜਿਵੇਂ- ਸ਼ਬਦ ਗਾਇਨ, ਕਵੀਸ਼ਰੀ, ਗੀਤ, ਗ਼ਜ਼ਲ ਸਾਨੂੰ ਰੁਜ਼ਗਾਰ ਦੇ ਬੂਹੇ ‘ਤੇ ਲੈ ਜਾਂਦੇ ਹਨ।

ਪੰਜਾਬ ਦਾ ਨੌਜਵਾਨ ਬਾਰਵ੍ਹੀ ਪਾਸ ਕਰਕੇ ਆਈਲੈਟਸ ਸੈਂਟਰਾਂ ਦੀਆਂ ਪੌੜੀਆਂ ਚੜ੍ਹਨਾ ਚਾਹੁੰਦਾ ਹੈ, ਅਜਿਹੇ ਵਿਚ ਉਹ ਸਾਹਿਤ ਨਾਲ ਕਿਵੇਂ ਜੁੜੇਗਾ?

→ ਅਸੀਂ ਵਿਦਿਆਰਥੀਆਂ ਦੇ ਕੁੱਝ ਬਣਨ ਦੀ ਬਜਾਏ ਉਨ੍ਹਾਂ ਦੇ ਕੁਝ ਕਰਨ ਨੂੰ ਵਧੇਰੇ ਮਹੱਤਤਾ ਦਿੰਦੇ ਹਾਂ। ਸੋ ਵਿਦਿਆਰਥੀਆਂ ਨੂੰ ਵੀ ਆਖਿਆ ਜਾਂਦਾ ਹੈ ਕਿ ਰੁਜ਼ਗਾਰ ਵੀ ਕਰੋ ਤੇ ਨਾਲ-ਨਾਲ ਨੇਕ ਕੰਮ ਵੀ ਕਰਦੇ ਰਹੋ। ਜਿੱਥੋਂ ਤੱਕ ਕਰੀਅਰ ਪੱਖੋਂ ਕੁਝ ਕਰਨ ਦਾ ਸਵਾਲ ਹੈ ਆਇਲਸ ਸੈਂਟਰ ਦੀਆਂ ਪੌੜੀਆਂ ਚੜ੍ਹਨਾ ਗੁਨਾਹ ਨਹੀਂ ਹੈ, ਅਗਰ ਯੋਗਤਾ ਅਨੁਸਾਰ ਸਹੀ ਤਰ੍ਹਾਂ ਕੀਤਾ ਜਾਵੇ। ਉਹ ਵੀ ਸਾਡੇ ਕਰਨ ਦਾ ਕੁਝ ਮਾਧਿਅਮ ਹੈ ਬੱਚਾ ਮਿਹਨਤ ਕਰਨੀ ਸਿੱਖਦਾ ਹੈ ਤੇ ਫਿਰ ਵਿਦੇਸ਼ ਜਾ ਕੇ ਵੀ ਕੰਮ ਕਰਦਾ ਹੈ। ਪਰ ਇਸ ਰੁਝਾਨ ਨਾਲੋਂ ਮੈਂ ਆਪਣੇ ਦੇਸ਼ ਵਿੱਚ ਰਹਿ ਕੇ ਰੁਜ਼ਗਾਰ ਪ੍ਰਾਪਤ ਕਰਨ ਨੂੰ ਵਧੇਰੇ ਤਰਜ਼ੀਹ ਦਿੰਦੀ ਹਾਂ, ਹਾਲਾਂਕਿ ਇਹ ਪ੍ਰਵਿਰਤੀ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਵਧੇਰੇ ਨਹੀਂ ਹੈ।

ਨਵੇਂ ਪਾਠਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?

→ ਚੰਗਾ, ਉੱਚਾ, ਨੇਕ, ਹਮਦਰਦੀ ਭਰਿਆ ਜੀਵਨ ਖ਼ਾਸ ਕਰਕੇ ਜਾਨਵਰਾਂ ਪ੍ਰਤੀ, ਪਸ਼ੂ-ਪੰਛੀਆਂ ਪ੍ਰਤੀ ਹਮਦਰਦੀ ਦਾ ਜੀਵਨ ਜਿਉਣ ਦਾ ਮੇਰਾ ਸੁਨੇਹਾ ਹੈ। ਭਾਵੇਂ ਕਿ ਮੈਨੂੰ ਇਹ ਲੱਗਦਾ ਹੈ ਕਿ ਹੁਣ ਸੁਨੇਹੇ ਦੀ ਬਜਾਏ ਸਾਨੂੰ ਵਿਵਹਾਰਕ ਤੌਰ ‘ਤੇ ਮਦਦ ਭਰੇ ਵਧੇਰੇ ਕੰਮ ਕਰਨੇ ਚਾਹੀਦੇ ਹਨ । ਸੁਰਜੀਤ ਪਾਤਰ ਜੀ ਨੇ ਬਿਲਕੁਲ ਸਹੀ ਲਿਖਿਆ ਸੀ-

ਧੁਖ਼ਦਾ ਇਸ ਕਿਤਾਬ ਦਾ ਹਰ ਇੱਕ ਹੀ ਅਧਿਆਏ
ਇਹ ਤਾਂ ਕਣੀਆਂ ਮੰਗਦੀ, ਇਹ ਨਾ ਮੰਗੇ ਰਾਏ