ਪੰਜਾਬ ‘ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਮੌਸਮ ਵਿਭਾਗ ਵਲੋਂ 12 ਜ਼ਿਲਿਆਂ ‘ਚ ਸੰਘਣੀ ਧੁੰਦ ਦਾ ਅਲਰਟ

0
381

ਚੰਡੀਗੜ੍ਹ, 17 ਜਨਵਰੀ | ਪੰਜਾਬ ਵਿਚ ਅੱਜ ਵੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵੀਰਵਾਰ ਰਾਤ ਤੋਂ ਹੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਕੱਲ ਧੁੱਪ ਨਾ ਨਿਕਲਣ ਕਾਰਨ ਦਿਨ ਦਾ ਤਾਪਮਾਨ 3.6 ਡਿਗਰੀ ਤੱਕ ਡਿੱਗ ਗਿਆ ਹੈ।

ਪੰਜਾਬ ਭਰ ਦੇ ਸ਼ਹਿਰਾਂ ਵਿਚ ਦਿਨ ਦਾ ਤਾਪਮਾਨ 11 ਤੋਂ 20 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਤ 10 ਵਜੇ ਤੋਂ ਬਾਅਦ ਹਵਾਈ ਮਾਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅੰਮ੍ਰਿਤਸਰ ‘ਚ ਰਾਤ 10 ਵਜੇ ਤੋਂ ਬਾਅਦ ਵਿਜ਼ੀਬਿਲਟੀ ਜ਼ੀਰੋ ‘ਤੇ ਪਹੁੰਚ ਗਈ।

ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਮਲੇਸ਼ੀਆ ਤੋਂ ਆਈ ਫਲਾਈਟ ਨੂੰ ਕਰੀਬ 2 ਘੰਟੇ ਹਵਾ ‘ਚ ਚੱਕਰ ਲਗਾਉਣੇ ਪਏ ਅਤੇ ਆਖਰਕਾਰ ਇਸ ਨੂੰ ਦਿੱਲੀ ਵੱਲ ਮੋੜਨਾ ਪਿਆ। ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਵਿਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ।

ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦਿੱਖ 50 ਮੀਟਰ ਜਾਂ ਘੱਟ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਵੀਰਵਾਰ ਨੂੰ ਧੁੱਪ ਨਾ ਨਿਕਲਣ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਅੰਤਰ ਬਹੁਤ ਘੱਟ ਰਿਹਾ। ਅੰਮ੍ਰਿਤਸਰ ‘ਚ ਜਿੱਥੇ ਘੱਟੋ-ਘੱਟ ਤਾਪਮਾਨ 7.2 ਡਿਗਰੀ ਰਿਹਾ, ਉੱਥੇ ਹੀ ਦਿਨ ਦਾ ਵੱਧ ਤੋਂ ਵੱਧ ਤਾਪਮਾਨ 11.7 ਡਿਗਰੀ ਹੀ ਦਰਜ ਕੀਤਾ ਗਿਆ। ਦਿਨ ਦਾ ਤਾਪਮਾਨ ਬਠਿੰਡਾ ਵਿਚ 16.6 ਡਿਗਰੀ, ਐਸਬੀਐਸ ਨਗਰ ਵਿਚ 14.7 ਡਿਗਰੀ, ਮੋਗਾ ਵਿਚ 12.6 ਡਿਗਰੀ ਤੇ ਰੋਪੜ ਵਿਚ 12.8 ਡਿਗਰੀ ਦਰਜ ਕੀਤਾ ਗਿਆ।