ਸੀਰਮ ਇੰਸਟੀਚਿਊਟ ਅਗਲੇ ਸਾਲ ਅਪ੍ਰੈਲ ’ਚ ਸਰਵਾਈਕਲ ਕੈਂਸਰ ਦੀ ਲਿਆਵੇਗਾ ਸਸਤੀ ਵੈਕਸੀਨ

0
569

ਨਵੀਂ ਦਿੱਲੀ| ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਅਗਲੇ ਸਾਲ ਅਪ੍ਰੈਲ ਦੇ ਮੱਧ ’ਚ ਸਰਵਾਈਕਲ ਕੈਂਸਰ ਤੋਂ ਬਚਾਅ ਕਰਨ ਵਾਲੀ ਸਵਦੇਸ਼ੀ ‘ਸਰਵਾਵੈਕ’ ਵੈਕਸੀਨ ਲਾਂਚ ਕਰੇਗਾ। ਇਹ ਕੌਮਾਂਤਰੀ ਬਾਜ਼ਾਰ ’ਚ ਉਪਲਬਧ ਵੈਕਸੀਨਾਂ ਤੋਂ ਕਾਫ਼ੀ ਸਸਤੀ ਹੋਵੇਗੀ।

ਐੱਸਆਈਆਈ ਦੇ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਕਰਨ ਵਾਲੀ ‘ਸਰਵਾਵੈਕ’ ਨਾਂ ਦੀ ਇਸ ਸਵਦੇਸ਼ੀ ਵੈਕਸੀਨ ਦੀ ਵਰਤੋਂ ਲੋਕ ਸਿਹਤ ਪ੍ਰੋਗਰਾਮਾਂ ’ਚ ਕਰਨ ਲਈ ਡੀਜੀਸੀਆਈ ਦੀ ਮਨਜ਼ੂਰੀ ਮਿਲ ਗਈ ਹੈ। ਨਾਲ ਹੀ ਇਸ ਨੂੰ ਜਨਤਕ ਸਿਹਤ ਪ੍ਰੋਗਰਾਮ ’ਚ ਵਰਤਣ ਲਈ ਸਰਕਾਰੀ ਸਲਾਹਕਾਰ ਸਮੂਹ ਐੱਨਟੀਜੀਆਈ ਨੇ ਮਨਜ਼ੂਰੀ ਦੇ ਦਿੱਤੀ ਹੈ। ਮੌਜੂਦਾ ਸਮੇਂ ’ਚ ਦੇਸ਼ ਇਸ ਟੀਕੇ ਲਈ ਪੂਰੀ ਤਰ੍ਹਾਂ ਵਿਦੇਸ਼ੀ ਨਿਰਮਾਤਾਵਾਂ ’ਤੇ ਨਿਰਭਰ ਹੈ। ਤਿੰਨ ਵਿਦੇਸ਼ੀ ਕੰਪਨੀਆਂ ਐੱਚਪੀਵੀ ਟੀਕੇ ਦਾ ਨਿਰਮਾਣ ਕਰਦੀਆਂ ਹਨ, ਜਿਨ੍ਹਾਂ ’ਚੋਂ ਦੋ ਕੰਪਨੀਆਂ ਭਾਰਤ ’ਚ ਆਪਣੇ ਟੀਕੇ ਵੇਚਦੀਆਂ ਹਨ। ਬਾਜ਼ਾਰ ’ਚ ਉਪਲਬਧ ਟੀਕੇ ਦੀ ਹਰ ਖੁਰਾਕ ਦੀ ਕੀਮਤ ਚਾਰ ਹਜ਼ਾਰ ਰੁਪਏ ਤੋਂ ਜ਼ਿਆਦਾ ਹੈ। ਐੱਸਆਈਆਈ ਦੇ ਟੀਕੇ ਕਾਫ਼ੀ ਘੱਟ ਦਰ ’ਤੇ ਉਪਲਬਧ ਹੋਣ ਦੀ ਸੰਭਾਵਨਾ ਹੈ। ਸਤੰਬਰ 2022 ’ਚ ਐੱਸਆਈਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਦਾਰ ਸੀ ਪੂਨਾਵਾਲਾ ਨੇ ਕਿਹਾ ਸੀ ਕਿ ਭਾਰਤ ’ਚ ਐੱਚਪੀਵੀ ਟੀਕੇ 200-400 ਰੁਪਏ ਪ੍ਰਤੀ ਖੁਰਾਕ ਦੀ ਸਸਤੀ ਕੀਮਤ ’ਤੇ ਉਪਲਬਧ ਹੋਣਗੇ।

ਟੀਕਾਕਰਨ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਜੀਆਈ) ਦੇ ਚੇਅਰਮੈਨ ਡਾ. ਐੱਨ ਕੇ ਅਰੋੜਾ ਨੇ ਕਿਹਾ ਕਿ ਭਾਰਤ 2023 ਦੇ ਮੱਧ ਤਕ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ 9-14 ਉਮਰ ਵਰਗ ਦੀਆਂ ਲੜਕੀਆਂ ਲਈ ਸਰਵਾਈਕਲ ਕੈਂਸਰ ਦੇ ਦੇਸ਼ ’ਚ ਵਿਕਸਿਤ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ (ਐੱਚਪੀਵੀ) ਨੂੰ ਲਾਗੂ ਕਰਨ ਦੀ ਸਥਿਤੀ ’ਚ ਹੋਵੇਗਾ। ਐੱਚਪੀਵੀ ਟੀਕਾ ਮੁੱਖ ਤੌਰ ’ਤੇ ਐੱਚਪੀਵੀ ਯਾਨੀ ਹਿਊਮਨ ਪੈਪੀਲੋਮਾ ਵਾਇਰਸ ਤੋਂ ਹੋਣ ਵਾਲੇ ਕੈਂਸਰ ਤੋਂ ਤੁਹਾਡਾ ਬਚਾਅ ਕਰਦਾ ਹੈ। ਬਾਹਰਲੇ ਕੁਝ ਦੇਸ਼ਾਂ ’ਚ ਇਹ ਵਾਇਰਸ ਹਰ ਚਾਰ ’ਚੋਂ ਇਕ ਵਿਅਕਤੀ ’ਚ ਪਾਇਆ ਜਾਂਦਾ ਹੈ। ਭਾਰਤ ’ਚ ਦੁਨੀਆ ਦੀ ਲਗਪਗ 16 ਫ਼ੀਸਦੀ ਔਰਤਾਂ ਹਨ ਤੇ ਇੱਥੇ ਸਰਵਾਈਕਲ ਕੈਂਸਰ ਦੇ ਸਾਰੇ ਮਾਮਲਿਆਂ ਦਾ ਲਗਪਗ ਇਕ-ਚੌਥਾਈ ਹੈ ਤੇ ਆਲਮੀ ਪੱਧਰ ’ਤੇ ਇੱਥੇ ਸਰਵਾਈਕਲ ਕੈਂਸਰ ਤੋਂ ਲਗਪਗ ਇਕ-ਤਿਹਾਈ ਮੌਤਾਂ ਹੁੰਦੀਆਂ ਹਨ। ਹਾਲ ਦੇ ਕੁਝ ਅਨੁਮਾਨਾਂ ਮੁਤਾਬਕ, ਭਾਰਤ ’ਚ ਹਰ ਸਾਲ ਲਗਪਗ 80 ਹਜ਼ਾਰ ਔਰਤਾਂ ਨੂੰ ਸਰਵਾਈਕਲ ਕੈਂਸਰ ਹੁੰਦਾ ਹੈ ਤੇ 35 ਹਜ਼ਾਰ ਔਰਤਾਂ ਦੀ ਇਸ ਕੈਂਸਰ ਕਾਰਨ ਮੌਤ ਹੋ ਜਾਂਦੀ ਹੈ