ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਸਨਸਨੀਖੇਜ਼ ਖੁਲਾਸਾ, ਕਿਹਾ- ਪਿਤਾ ਕਰਦਾ ਰਿਹਾ ਜਿਨਸੀ ਸ਼ੋਸ਼ਣ

0
421

ਦਿੱਲੀ| ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਮਾਲੀਵਾਲ ਨੇ ਆਪਣੇ ਪਿਤਾ ‘ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸਵਾਤੀ ਮਾਲੀਵਾਲ ਨੇ ਦੱਸਿਆ ਕਿ ਉਸ ਦੇ ਪਿਤਾ ਬਚਪਨ ‘ਚ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਸੀ। ਸ਼ੋਸ਼ਣ ਕਾਰਨ ਉਹ ਘਰ ‘ਚ ਡਰ ਦੇ ਮਾਹੌਲ ‘ਚ ਰਹਿੰਦੀ ਸੀ। ਉਸ ਦੇ ਪਿਤਾ ਉਸ ਨੂੰ ਬਿਨਾਂ ਕਾਰਨ ਕੁੱਟਦੇ ਸੀ, ਕੰਧ ਨਾਲ ਸਿਰ ਪਟਕਦੇ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਦੱਸਿਆ ਕਿ ਡਰ ਕਾਰਨ ਮੈਂ ਕਈ ਰਾਤਾਂ ਬਿਸਤਰੇ ਦੇ ਹੇਠਾਂ ਲੁੱਕ ਕੇ ਗੁਜ਼ਾਰੀਆਂ ਹਨ। ਉਨ੍ਹਾਂ ਇਹ ਪ੍ਰਗਟਾਵਾ ਇਕ ਟੀਵੀ ਚੈਨਲ ਦੇ ਪ੍ਰੋਗਰਾਮ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ।

‘ਆਪ’ ਨੇਤਾ ਸਵਾਤੀ ਮਾਲੀਵਾਲ ਨੇ ਕਿਹਾ, ‘ਮੈਨੂੰ ਅਜੇ ਵੀ ਯਾਦ ਹੈ ਕਿ ਮੇਰੇ ਪਿਤਾ ਮੇਰੇ ਨਾਲ ਜਿਨਸੀ ਸ਼ੋਸ਼ਣ ਕਰਦੇ ਸਨ। ਜਦੋਂ ਉਹ ਘਰ ਆਉਂਦੇ ਸੀ ਤਾਂ ਮੈਨੂੰ ਬਹੁਤ ਡਰ ਲੱਗਦਾ ਸੀ। ਪਤਾ ਨਹੀਂ ਕਿੰਨੀਆਂ ਰਾਤਾਂ ਮੈਂ ਬਿਸਤਰੇ ਦੇ ਹੇਠਾਂ ਬਿਤਾਈਆਂ ਹਨ। ਮੈਂ ਡਰ ਨਾਲ ਕੰਬਦੀ ਰਹਿੰਦੀ ਸੀ। ਉਸ ਸਮੇਂ ਮੈਂ ਸੋਚਦੀ ਸੀ ਕਿ ਮੈਂ ਕੀ ਕਰਾਂ ਤਾਂ ਜੋ ਮੈਂ ਅਜਿਹੇ ਸਾਰੇ ਬੰਦਿਆਂ ਨੂੰ ਸਬਕ ਸਿਖਾ ਸਕਾਂ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਦੱਸਿਆ ਕਿ ਮੈਂ ਇਹ ਕਦੇ ਨਹੀਂ ਭੁੱਲ ਸਕਦੀ ਕਿ ਮੇਰੇ ਪਿਤਾ ਜੀ ਇੰਨੇ ਗੁੱਸੇ ਵਿੱਚ ਹੁੰਦੇ ਸਨ ਕਿ ਉਹ ਮੇਰੇ ਵਾਲ ਫੜ ਕੇ ਮੈਨੂੰ ਕੰਧ ਨਾਲ ਮਾਰਦੇ ਸਨ, ਖੂਨ ਵਹਿ ਜਾਂਦਾ ਸੀ, ਮੈਂ ਬਹੁਤ ਦੁਖੀ ਹੁੰਦੀ ਸੀ। ਉਸ ਤੜਪ ਕਾਰਨ ਮੇਰੇ ਮਨ ਵਿਚ ਇਹੀ ਖਿਆਲ ਚੱਲਦਾ ਰਿਹਾ ਕਿ ਅਜਿਹੇ ਲੋਕਾਂ ਨੂੰ ਸਬਕ ਕਿਵੇਂ ਸਿਖਾਇਆ ਜਾਵੇ। ਜੇ ਮੇਰੀ ਮਾਂ, ਮੇਰੀ ਮਾਸੀ, ਮੇਰੇ ਮਾਮਾ ਅਤੇ ਮੇਰੇ ਨਾਨਾ-ਨਾਨੀ ਮੇਰੀ ਜ਼ਿੰਦਗੀ ਵਿਚ ਨਾ ਹੁੰਦੇ, ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਬਚਪਨ ਦੇ ਉਸ ਸਦਮੇ ਤੋਂ ਬਾਹਰ ਆ ਸਕਦੀ ਸੀ। ਨਾ ਹੀ ਤੁਹਾਡੇ ਵਿਚਕਾਰ ਖੜ੍ਹ ਕੇ ਅਜਿਹੇ ਮਹਾਨ ਕੰਮ ਕਰ ਸਕਦੀ ਸੀ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਹੈ ਕਿ ਜਦੋਂ ਬਹੁਤ ਜ਼ੁਲਮ ਹੁੰਦਾ ਹੈ ਤਾਂ ਬਹੁਤ ਕੁਝ ਬਦਲ ਜਾਂਦਾ ਹੈ। ਉਹ ਜ਼ੁਲਮ ਤੁਹਾਡੇ ਅੰਦਰ ਅੱਗ ਭੜਕਾਉਂਦਾ ਹੈ, ਜੇ ਤੁਸੀਂ ਇਸ ਨੂੰ ਸਹੀ ਥਾਂ ਤੇ ਲਗਾਓ, ਤਾਂ ਤੁਸੀਂ ਮਹਾਨ ਕੰਮ ਕਰ ਸਕਦੇ ਹੋ। ਅੱਜ ਅਸੀਂ ਸਾਰੇ ਐਵਾਰਡੀ (ਜਿਨ੍ਹਾਂ ਨੂੰ ਕੋਈ ਐਵਾਰਡ ਮਿਲਿਆ ਹੈ) ਦੇਖਦੇ ਹਾਂ, ਉਨ੍ਹਾਂ ਦੀ ਇਕ ਕਹਾਣੀ ਹੈ। ਉਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਨਾਲ ਲੜਨਾ ਅਤੇ ਉਸ ਸਮੱਸਿਆ ਤੋਂ ਉੱਪਰ ਉੱਠਣਾ ਸਿੱਖ ਲਿਆ। ਅੱਜ ਸਾਡੇ ਕੋਲ ਅਜਿਹੀਆਂ ਕਈ ਮਜ਼ਬੂਤ ​​ਔਰਤਾਂ ਮੌਜੂਦ ਹਨ, ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਹੈ।

ਦੱਸ ਦੇਈਏ ਕਿ ਸਵਾਤੀ ਮਾਲੀਵਾਲ ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਹੈ। 2021 ਵਿੱਚ, ਸਵਾਤੀ ਨੂੰ ਲਗਾਤਾਰ ਤੀਜੀ ਵਾਰ ਦਿੱਲੀ ਮਹਿਲਾ ਕਮਿਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਮੌਜੂਦਾ ਟੀਮ ਨੂੰ ਦੂਜਾ ਕਾਰਜਕਾਲ ਦੇਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਵਾਤੀ 2015 ਤੋਂ ਲਗਾਤਾਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਰਹੀ ਹੈ। ਹਾਲ ਹੀ ‘ਚ ਸਵਾਤੀ ਉਸ ਸਮੇਂ ਸੁਰਖੀਆਂ ‘ਚ ਆਈ ਸੀ, ਜਦੋਂ ਉਸ ਨੇ ਦਿੱਲੀ ਦੀਆਂ ਸੜਕਾਂ ‘ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਾਨੂੰਨ ਵਿਵਸਥਾ ਦੀ ਸਥਿਤੀ ਜਾਣਨ ਦਾ ਦਾਅਵਾ ਕੀਤਾ ਸੀ। ਸਵਾਤੀ ਨੇ ਟਵੀਟ ਕਰਕੇ ਦੱਸਿਆ ਸੀ- ਦੇਰ ਰਾਤ ਉਹ ਦਿੱਲੀ ‘ਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈ ਰਹੀ ਸੀ। ਜਿਸ ਕਾਰਨ ਕਾਰ ਚਾਲਕ ਨੇ ਸ਼ਰਾਬੀ ਹਾਲਤ ਵਿੱਚ ਉਨ੍ਹਾਂ ਨਾਲ ਛੇੜਛਾੜ ਕੀਤੀ। ਜਦੋਂ ਉਨ੍ਹਾਂ ਨੇ ਉਸ ਨੂੰ ਫੜਿਆ ਤਾਂ ਡਰਾਈਵਰ ਨੇ ਉਸ ਦਾ ਹੱਥ ਕਾਰ ਦੇ ਸ਼ੀਸ਼ੇ ਵਿਚ ਬੰਦ ਕਰਕੇ ਉਨ੍ਹਾਂ ਨੂੰ ਖਿੱਚ ਲਿਆ। ਮਾਲੀਵਾਲ ਨੇ ਅੱਗੇ ਕਿਹਾ ਕਿ ਰੱਬ ਨੇ ਮੇਰੀ ਜਾਨ ਬਚਾਈ। ਜੇਕਰ ਦਿੱਲੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਹੈ ਤਾਂ ਸਥਿਤੀ ਦਾ ਅੰਦਾਜ਼ਾ ਲਗਾਓ।

ਦੱਸਿਆ ਗਿਆ ਕਿ ਕਾਰ ਚਾਲਕ ਸਵਾਤੀ ਨੂੰ 10 ਤੋਂ 15 ਮੀਟਰ ਤੱਕ ਖਿੱਚ ਕੇ ਲੈ ਗਿਆ। ਇਹ ਘਟਨਾ ਦਿੱਲੀ ਏਮਜ਼ ਨੇੜੇ ਵਾਪਰੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਭਾਜਪਾ ਨੇ ਇਸ ਸਟਰਿੰਗ ਆਪਰੇਸ਼ਨ ‘ਤੇ ਸਵਾਲ ਖੜ੍ਹੇ ਕੀਤੇ ਸਨ।