ਪਿੰਡ ਬਾਧਾ ਦੇ ਖੇਤਾਂ ‘ਚੋਂ ਪੁਰਾਣਾ ਬੰਬ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ

0
5159

ਫ਼ਾਜ਼ਿਲਕਾ। ਫ਼ਾਜ਼ਿਲਕਾ ਦੇ ਪਿੰਡ ਬਾਧਾ ਦੇ ਨਜ਼ਦੀਕ ਇਕ ਖੇਤ ‘ਚ ਇਕ ਪੁਰਾਣਾ ਬੰਬ ਮਿਲਣ ਕਾਰਨ ਇਲਾਕੇ ‘ਚ ਸਨਸਨੀ ਫੈਲ ਗਈ।

ਜਾਣਕਾਰੀ ਮੁਤਾਬਿਕ ਇਹ ਬੰਬ ਪਿੰਡ ਬਾਧਾ ਨਿਵਾਸੀ ਇਕ ਵਿਅਕਤੀ ਦੇ ਖੇਤ ਵਿੱਚੋਂ ਮਿਲਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਇਸ ਨੂੰ ਆਪਣੇ ਕਬਜ਼ੇ ਲੈ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਫ਼ਾਜ਼ਿਲਕਾ ਜੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੁਰਜੀਤ ਸਿੰਘ ਨਿਵਾਸੀ ਪਿੰਡ ਬਾਧਾ ਜਦੋਂ ਆਪਣੇ ਖੇਤ ‘ਚ ਝੋਨੇ ਦੀ ਬਿਜਾਈ ਕਰਨ ਲਈ ਹਲ਼ ਚਲਾ ਰਿਹਾ ਸੀ ਤਾਂ ਉਸਨੂੰ ਆਪਣੇ ਖੇਤ ‘ਚ ਇਕ ਬੰਬ ਨੁਮਾ ਚੀਜ਼ ਮਿਲੀ। ਜਿਸ ਤੋਂ ਬਾਅਦ ਉਹ, ਐੱਸ ਐੱਚ ਓ ਫ਼ਾਜ਼ਿਲਕਾ ਅਤੇ ਐੱਸ ਐੱਸ ਪੀ ਫ਼ਾਜ਼ਿਲਕਾ ਮੌਕੇ ‘ਤੇ ਪਹੁੰਚੇ ਅਤੇ ਬੰਬ ਨੁਮਾ ਚੀਜ ਨੂੰ ਉੱਥੋਂ ਚੁੱਕ ਕੇ ਸੇਫ ਜਗ੍ਹਾ ‘ਤੇ ਰਖਵਾ ਦਿੱਤਾ।

ਬਾਅਦ ਵਿਚ ਉਨ੍ਹਾਂ ਨੇ ਜਦੋਂ ਬੀ ਐੱਸ ਐੱਫ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਬਾਰੇ ਜਾਣਕਾਰੀ ਹਾਸਿਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਚਲਿਆ ਕਿ ਇਹ 51 ਮੋਰਟਾਰ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਲ 1965 ਜਾਂ 1971 ਦੀ ਜੰਗ ਵੇਲੇ ਦਾ ਏਕ ਮੋਰਟਾਰ ਹੈ, ਜੋ ਉਸ ਸਮੇਂ ਤੋਂ ਇਥੇ ਪਿਆ ਹੋ ਸਕਦਾ ਹੈ।