ਲੁਧਿਆਣਾ, 31 ਅਕਤੂਬਰ| ਪੰਜਾਬ ਐਗਰੀਕਲਰ ਯੂਨੀਵਰਸਿਟੀ (PAU) ਵਿੱਚ ਇੱਕ ਨਵੰਬਰ ਨੂੰ ‘ਮੈਂ ਪੰਜਾਬ ਬੋਲਦਾ’ ਨਾਮ ਉੱਤੇ ਹੋਣ ਜਾ ਰਹੀ ਡਿਬੇਟ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਭਲਕੇ ਇਹ ਮੈਗਾ ਡਿਬੇਟ ਹੋਵੇਗੀ ਅਤੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਡਿਬੇਟ ਹੈ ਜਿਹੜੀ ਕਿਸੇ ਮੁੱਖ ਮੰਤਰੀ ਨੇ ਵਿਰੋਧੀਆਂ ਨਾਲ ਸਵਾਲ ਜਵਾਬ ਲਈ ਰੱਖੀ ਹੈ।
ਵੱਡੀ ਪੱਧਰ ਉਤੇ ਕੀਤੇ ਗਏ ਸੁਰੱਖਿਆ ਪ੍ਰਬੰਧ
ਸੂਤਰਾਂ ਮੁਤਾਬਿਕ ਬਹਿਸ ਵਾਲੀ ਥਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੇ ਕੁਝ ਉਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੇ ਲਗਭਗ 1000 ਮੁਲਾਜ਼ਮ ਬਹਿਸ ਵਾਲੀ ਥਾਂ ਉਤੇ ਤਾਇਨਾਤ ਕੀਤੇ ਗਏ ਹਨ।
ਐਸਐਸਪੀ, ਡੀਆਈਜੀ ਅਤੇ ਮੌਜੂਦਾ ਡੀਜੀ ਵੀ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ ਅੰਦਰ ਆਉਣ-ਜਾਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵਲੋਂ ਆਧੁਨਿਕ ਯੰਤਰਾਂ ਨਾਲ ਅਤਿ-ਸੰਵੇਦਨਸ਼ੀਲ ਥਾਵਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾ ਰਿਹਾ ਹੈ।
ਵਿਰੋਧੀਆਂ ਨੇ ਸੁਰੱਖਿਆ ਉਤੇ ਖੜ੍ਹੇ ਕੀਤੇ ਸਵਾਲ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਦੇ ਨਿਰਪੱਖ ਆਯੋਜਨ ਉਤੇ ਸ਼ੱਕ ਕੀਤਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਬਹਿਸ ਵਾਲੀ ਥਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੇ ਕੁਝ ਉਚ ਪੱਧਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਇਕ ਹਜ਼ਾਰ ਮੁਲਾਜ਼ਮ ਬਹਿਸ ਵਾਲੀ ਥਾਂ ਉਤੇ ਤਾਇਨਾਤ ਕੀਤੇ ਗਏ ਹਨ। ਬਾਜਵਾ ਨੇ ਕਿਹਾ ਕਿ ਉਹ ਆਪਣੀ ਸਾਰੀ ਸਕਿਓਰਿਟੀ ਛੱਡ ਕੇ ਸੂਬੇ ਦੇ ਹਿੱਤਾਂ ਲਈ ਡਿਬੇਟ ਵਿਚ ਸ਼ਾਮਲ ਹੋਣਗੇ।