ਲੁਧਿਆਣਾ|ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੇ ਗੈਰ ਕਾਨੂੰਨੀ ਗੋਦਾਮਾਂ ਉਪਰ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਖੰਨਾ ਚ ਐਸਡੀਐਮ ਨੇ ਭੀੜ ਭਾੜ ਵਾਲੇ ਇਲਾਕਿਆਂ ਚ ਖੋਲ੍ਹੇ ਤਿੰਨ ਗੈਰ ਕਾਨੂੰਨੀ ਗੋਦਾਮ ਸੀਲ ਕੀਤੇ। ਐਸ ਡੀ ਐਮ ਨੇ ਖੁਦ ਇੱਥੇ ਰੇਡ ਮਾਰੀ। ਖੰਨਾ ਦੇ ਰੇਲਵੇ ਰੋਡ ਉਪਰ ਸ਼ਿਵਾਜੀ ਮਾਰਕੀਟ ਵਿਖੇ ਰੇਡ ਕਰਨ ਪੁੱਜੇ ਐਸ. ਡੀ. ਐਮ ਮਨਜੀਤ ਕੌਰ ਨੇ ਦੱਸਿਆ ਕਿ ਲਗਾਤਾਰ ਸੂਚਨਾ ਮਿਲ ਰਹੀ ਸੀ ਕਿ ਬਿਨਾਂ ਲਾਇਸੈਂਸ ਅਤੇ ਨਿਯਮਾਂ ਦੀ ਅਣਦੇਖੀ ਕਰ ਕੇ ਪਟਾਕੇ ਵੇਚੇ ਜਾ ਰਹੇ ਹਨ।
ਇਸ ਸੂਚਨਾ ‘ਤੇ ਛਾਪੇਮਾਰੀ ਕੀਤੀ ਗਈ। ਰੇਲਵੇ ਰੋਡ ’ਤੇ ਤਿੰਨ ਦੁਕਾਨਾਂ ਨਿਯਮਾਂ ਦੇ ਉਲਟ ਪਾਈਆਂ ਗਈਆਂ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪਟਾਕਿਆਂ ਦੀਆਂ ਦੁਕਾਨਾਂ ਅਜਿਹੀਆਂ ਥਾਵਾਂ ’ਤੇ ਹਨ, ਜਿੱਥੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੰਨਾ ਵਿੱਚ ਤਿੰਨ ਦੁਕਾਨਦਾਰਾਂ ਨੂੰ ਡੀਸੀ ਵੱਲੋਂ ਕੱਢੇ ਡਰਾਅ ਸਿਸਟਮ ਰਾਹੀਂ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਤਿੰਨੋਂ ਦੁਕਾਨਦਾਰ ਅਟਵਾਲ ਪੈਲੇਸ ਨੇੜੇ ਖਾਲੀ ਪਏ ਪਲਾਟ ਵਿੱਚ ਪਟਾਕੇ ਵੇਚ ਸਕਦੇ ਹਨ। ਇਸ ਤੋਂ ਇਲਾਵਾ ਜੋ ਵੀ ਵਿਅਕਤੀ ਕੀਤੇ ਵੀ ਪਟਾਕੇ ਵੇਚਦਾ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ.ਐਸ.ਪੀ ਕਰਨੈਲ ਸਿੰਘ ਨੇ ਦੱਸਿਆ ਕਿ ਡੀ.ਸੀ. ਲੁਧਿਆਣਾ ਦੀਆਂ ਹਦਾਇਤਾਂ ਹਨ ਕਿ ਬਿਨਾਂ ਇਜਾਜ਼ਤ ਪਟਾਕਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ, ਅੱਜ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ।