6 ਮਹੀਨੇ ਪਹਿਲਾਂ ਵਿਆਹੀ ਸਰਪੰਚ ਦੀ ਭੈਣ ਦੀ ਸਹੁਰੇ ਘਰ ਮੌਤ, ਪਰਿਵਾਰ ਦਾ ਦੋਸ਼- ਸਹੁਰਿਆਂ ਨੇ ਦਿੱਤਾ ਜ਼ਹਿਰ

0
811

ਫਾਜ਼ਿਲਕਾ, 15 ਫਰਵਰੀ | ਨਵ-ਵਿਆਹੁਤਾ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਐੱਸਐੱਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਮ੍ਰਿਤਕ ਸੰਦੀਪ ਕੌਰ ਦਾ ਵਿਆਹ 6 ਮਹੀਨੇ ਪਹਿਲਾਂ ਪਿੰਡ ਖਲਚੀਆਂ ਦੇ ਇੱਕ ਨੌਜਵਾਨ ਨਾਲ ਹੋਇਆ ਸੀ। ਇਹ ਉਸ ਦਾ ਦੂਜਾ ਵਿਆਹ ਸੀ।

ਮ੍ਰਿਤਕ ਦੇ ਭਰਾ ਅਤੇ ਹੌਜ਼ ਖਾਸ ਦੇ ਸਰਪੰਚ ਅਮਨਦੀਪ ਸਿੰਘ ਅਨੁਸਾਰ ਉਸ ਦੀ ਭੈਣ ਨੂੰ ਸਹੁਰੇ ਵਾਲੇ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ‘ਤੇ ਮਕਾਨ ਬਣਾਉਣ ਲਈ ਦਬਾਅ ਪਾਇਆ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ। ਫਿਕਰਮੰਦ ਹੋ ਕੇ ਸੰਦੀਪ ਨੇ ਆਪਣੇ ਭਰਾ ਨੂੰ ਫੋਨ ਵੀ ਕੀਤਾ। ਇਸ ਤੋਂ ਪਹਿਲਾਂ ਕਿ ਉਹ ਪੰਚਾਇਤ ਪੱਧਰ ‘ਤੇ ਮਾਮਲਾ ਸੁਲਝਾਉਂਦਾ, ਉਸ ਨੂੰ ਆਪਣੀ ਭੈਣ ਦੀ ਮੌਤ ਦੀ ਖ਼ਬਰ ਮਿਲ ਗਈ।

ਪਰਿਵਾਰ ਦਾ ਦੋਸ਼ ਹੈ ਕਿ ਸਹੁਰੇ ਵਾਲਿਆਂ ਨੇ ਸੰਦੀਪ ਨੂੰ ਜ਼ਬਰਦਸਤੀ ਜ਼ਹਿਰੀਲੀ ਚੀਜ਼ ਖੁਆ ਕੇ ਮਾਰ ਦਿੱਤਾ। ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਐਂਬੂਲੈਂਸ ‘ਚ ਰੱਖ ਕੇ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਹਾਈਵੇ ‘ਤੇ ਜਾਮ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਤਿੱਖੀ ਬਹਿਸ ਵੀ ਹੋਈ।

ਪੁਲਿਸ ਅਧਿਕਾਰੀ ਲੇਖਰਾਜ ਮੁਤਾਬਕ ਮੁੱਢਲੀ ਜਾਂਚ ‘ਚ ਇਹ ਖੁਦਕੁਸ਼ੀ ਦਾ ਮਾਮਲਾ ਹੈ। ਪੁਲਿਸ ਨੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹਨ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਹੇ ਹਨ।