ਪੱਛਮੀ ਮਿਦਨਾਪੁਰ| ਬੰਗਾਲ ਦੀ ਪਾਥਰਾ ਗ੍ਰਾਮ ਪੰਚਾਇਤ ਵਿਚ ਮ੍ਰਿਤਕ ਦੇ ਪਰਿਵਾਰ ਨੂੰ ਮੌਤ ਦਾ ਸਰਟੀਫਿਕੇਟ ਦੇਣ ਸਮੇਂ ਪੰਚਾਇਤ ਮੁਖੀ ਵਲੋਂ ਮ੍ਰਿਤਕ ਦੀ ਖੁਸ਼ਹਾਲੀ ਅਤੇ ਸਫਲਤਾ ਦੀ ਕਾਮਨਾ ਕਰਨ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਾਰਕਨਾਥ ਡੋਲੋਈ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਦਾ ਸਰਟੀਫਿਕੇਟ ਲੈਣ ਲਈ ਪੱਛਮੀ ਮਿਦਨਾਪੁਰ ਦੇ ਕੋਟਿਆਲੀ ਥਾਣੇ ਅਧੀਨ ਟੀਐਮਸੀ ਦੀ ਪਾਥਰਾ ਗ੍ਰਾਮ ਪੰਚਾਇਤ ਦੇ ਪੰਚਾਇਤ ਮੁਖੀ ਸਾਰਥੀ ਕੋਲ ਪਹੁੰਚ ਕੀਤੀ।
ਸਰਟੀਫਿਕੇਟ ਸੋਸ਼ਲ ਮੀਡੀਆ ਉਤੇ ਵਾਇਰਲ : ਜਦੋਂ ਮ੍ਰਿਤਕ ਦੇ ਵਾਰਸਾਂ ਨੇ ਮੌਤ ਦਾ ਸਰਟੀਫਿਕੇਟ ਦੇਖਿਆ ਤਾਂ ਉਥੇ ਹੰਗਾਮਾ ਹੋ ਗਿਆ। ਸਰਟੀਫਿਕੇਟ ਵਿਚ ਪ੍ਰਧਾਨ ਵਲੋਂ ਮ੍ਰਿਤਕ ਦੀ ਤਰੱਕੀ ਤੇ ਸਫਲਤਾ ਦੀ ਕਾਮਨਾ ਕੀਤੀ ਗਈ ਸੀ।
ਉਕਤ ਸਰਟੀਫਿਕੇਟ ਸੋਸ਼ਲ਼ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਸਰਟੀਫਿਕੇਟ ਵਿਚ ਇਹ ਲਿਖਿਆ ਹੈ, ‘ ਪ੍ਰਮਾਣਿਤ ਹੈ ਕਿ ਤਾਰਕਨਾਥ ਡੋਲੋਈ ਸਾਡੇ ਪਿੰਡ ਦਾ ਪੱਕਾ ਵਸਨੀਕ ਸੀ। 1 ਜਨਵਰੀ 2022 ਨੂੰ ਉਸਦੀ ਮੌਤ ਹੋ ਗਈ। ਹੁਣ ਉਹ ਮਰ ਚੁੱਕਾ ਹੈ। ਮੈਂ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਉਸਦੀ ਮੌਤ ਵਿਚ ਖੁਸ਼ਹਾਲੀ ਤੇ ਸਫਲਤਾ ਦੀ ਕਾਮਨਾ ਕਰਦਾ ਹਾਂ।
ਤਰੀਕ ਵਿਚ ਵੀ ਗਲ਼ਤੀ : ਇਥੋਂ ਤੱਕ ਕੇ ਪੈਡ ਉਤੇ ਅੰਗਰੇਜ਼ੀ ਅਤੇ ਬੰਗਾਲੀ ਦੇ ਮਿਸ਼ਰਣ ਵਿਚ ਮੁੱਖ ਤਰੀਕ ਵੀ ਲਿਖੀ ਗਈ ਹੈ। ਪਤਾ ਲੱਗਾ ਹੈ ਕਿ ਉਸ ਤਰੀਕ ਵਿਚ ਵੀ ਗਲ਼ਤੀ ਹੈ। ਦੂਜੇ ਪਾਸੇ ਵਿਰੋਧੀ ਧਿਰ ਨੇ ਪੰਚਾਇਤ ਮੁਖੀ ਨੂੰ ਅਨਪੜ੍ਹ ਦੱਸ ਕੇ ਸੱਤਾਧਾਰੀ ਧਿਰ ਦਾ ਮਜ਼ਾਕ ਉਡਾਇਆ ਹੈ। ਅਸਲ ਵਿਚ ਮੌਤ ਸਹਾਇਤਾ ਲਈ ਸਰਟੀਫਿਕੇਟ ਕ੍ਰਿਸ਼ਕ ਬੰਧੂ ਯੋਜਨਾ ਤਹਿਤ ਪੰਚਾਇਤ ਮੁਖੀ ਵਲੋਂ ਦਿੱਤਾ ਗਿਆ ਸੀ। ਉਕਤ ਸਰਟੀਫਿਕੇਟ ਜ਼ਿਲ੍ਹਾ ਖੇਤੀਬਾੜੀ ਅਫਸਰ ਦੇ ਦਫਤਰ ਵਿਚ ਜਮ੍ਹਾਂ ਕਰਵਾਉਣਾ ਹੁੰਦਾ ਹੈ। ਉਸ ਤੋਂ ਪ੍ਰਸ਼ਾਸਨ ਦੀ ਅੰਤਿਮ ਪ੍ਰਵਾਨਗੀ ਤੋਂ ਬਾਅਦ ਹੀ ਵਿੱਤੀ ਸਹਾਇਤਾ ਮਿਲਦੀ ਹੈ।






































