ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨੂੰ ਮਿਲੀ ਧਮਕੀ, ਟਰੱਸਟ ਨੇ ਐੱਸਐੱਸਪੀ ਨੂੰ ਕੀਤੀ ਸ਼ਿਕਾਇਤ, ਪੜ੍ਹੋ ਪੂਰਾ ਮਾਮਲਾ

0
2316

ਜਲੰਧਰ। ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨੂੰ ਵਿਦੇਸ਼ ਯਾਤਰਾ ਦੌਰਾਨ ਪ੍ਰਚਾਰ ਨਾ ਕਰਨ ਦੀ ਧਮਕੀ ਦਿੱਤੀ ਗਈ ਹੈ। ਡੇਰਾ ਬੱਲਾਂ ਨੇ ਇਸ ਸਬੰਧੀ ਐੱਸਐੱਸਪੀ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਹੈ ਤੇ ਸੰਤ ਨਿਰੰਜਣ ਦਾਸ ਦੀ ਵਿਦੇਸ਼ ਵਿਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।

ਐੱਸਐੱਸਪੀ ਦਿਹਾਤੀ ਸਵਰਨਦੀਪ ਸਿੰਘ ਨੂੰ ਦਿੱਤੀ ਸ਼ਿਕਾਇਤ ਵਿਚ ਟਰੱਸਟ ਨੇ ਦੱਸਿਆ ਕਿ ਸੰਤ ਨਿਰੰਜਣ ਦਾਸ ਇਨ੍ਹੀਂ ਦਿਨੀ ਵਿਦੇਸ਼ ਦੌਰੇ ਉਤੇ ਹਨ। ਇਟਲੀ ਵਿਚ ਇਕ ਵਿਅਕਤੀ ਨੇ ਉਨ੍ਹਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਨਾ ਕਰਨ ਦੀ ਧਮਕੀ ਦਿੱਤੀ ਹੈ। ਉਸ ਵਿਅਕਤੀ ਨੇ ਇਕ ਮੋਬਾਇਲ ਨੰਬਰ ਤੋਂ ਗੱਲ ਕੀਤੀ, ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਨੰਬਰ ਕਪੂਰਥਲਾ ਜੇਲ੍ਹ ਤੋਂ ਆਪਰੇਟ ਹੁੰਦਾ ਹੈ। ਇਨ੍ਹੀਂ ਦਿਨੀਂ ਸੰਤ ਨਿਰੰਜਣ ਦਾਸ ਸਪੇਨ ਵਿਚ ਹਨ। ਉਸ ਤੋਂ ਬਾਅਦ ਉਹ ਅਲੱਗ-ਅਲੱਗ ਧਾਰਮਿਕ ਸਮਾਗਮਾਂ ਲਈ ਜਰਮਨੀ, ਫਰਾਂਸ ਤੇ ਨੀਦਰਲੈਂਡ ਜਾਣਗੇ।

ਡੇਰਾ ਸੱਚਖੰਡ ਬੱਲਾਂ ਨੂੰ ਸਮਰਪਿਤ ਰਵਿਦਾਸੀਆ ਸਮਾਜ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਇਕ ਸਾਂਝੇ ਮੰਗ ਪੱਤਰ ਵਿਚ ਸੰਤ ਨਿਰੰਜਣ ਦਾਸ ਜੀ ਦੀ ਦੇਸ਼-ਵਿਦੇਸ਼ ਵਿਚ ਜਿਆਦਾ ਤੋਂ ਜਿਆਦਾ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਐੱਸਐੱਸਪੀ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸੰਸਥਾਵਾਂ ਨੇ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸੁਰੱਖਿਆ ਵਧਾਉਣ ਲਈ ਮੰਗ ਪੱਤਰ ਦਿੱਤਾ ਹੈ।