ਸੰਗਰੂਰ : ਬੱਕਰੀ ਗੁਆਚਣ ‘ਤੇ ਦੋ ਗੁੱਟਾਂ ‘ਚ ਹੋਈ ਹਿੰਸਾ ‘ਚ ਦਲਿਤ ਵਿਅਕਤੀ ਦੀ ਮੌਤ, ਪੀੜਤਾਂ ਨੇ ਇਨਸਾਫ ਲਈ ਥਾਣੇ ਮੂਹਰੀ ਰੱਖੀ ਲਾਸ਼

0
722

ਸੰਗਰੂਰ। ਸੰਗਰੂਰ ਵਿੱਚ ਬੱਕਰੀ ਲਾਪਤਾ ਹੋਣ ਦੇ ਮਾਮਲੇ ਵਿੱਚ ਦੋ ਧਿਰਾਂ ਵਿੱਚ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਹੈ। ਘਟਨਾ ਤੋਂ ਬਾਅਦ ਦੂਸਰੀ ਧਿਰ ਕਤਲ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਅੱਗੇ ਲਾਸ਼ ਰੱਖ ਕੇ ਬੈਠੀ ਹੈ।

ਇਹ ਘਟਨਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਦੀ ਹੈ। ਪਿੰਡ ਦੇ ਰਹਿਣ ਵਾਲੇ ਦਮਨਜੀਤ ਸਿੰਘ ਨੇ ਬੱਕਰੀਆਂ ਪਾਲੀਆਂ ਹਨ। ਦਮਨਜੀਤ ਰੋਜ਼ਾਨਾ ਪਿੰਡ ਦੇ ਖੇਤਾਂ ਵਿੱਚ ਆਪਣੀਆਂ ਬੱਕਰੀਆਂ ਚਰਾਉਣ ਜਾਂਦਾ ਸੀ। 7 ਫਰਵਰੀ ਨੂੰ ਦਮਨਜੀਤ ਨੇ ਕਿਸੇ ਕੰਮ ਕਾਰਨ ਪਿੰਡ ਤੋਂ ਬਾਹਰ ਜਾਣਾ ਸੀ, ਇਸ ਲਈ ਉਸ ਨੇ ਪਿੰਡ ਨੰਗਲਾ ਦੇ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਨੂੰ ਆਪਣੀਆਂ ਬੱਕਰੀਆਂ ਚਾਰਨ ਲਈ ਬੇਨਤੀ ਕੀਤੀ। ਇਸੇ ਪਿੰਡ ਦਾ ਰਹਿਣ ਵਾਲਾ ਨਰੰਗ ਸਿੰਘ ਵੀ ਬੱਕਰੀਆਂ ਪਾਲਦਾ ਸੀ।

ਦਿਨ ਵੇਲੇ ਜਦੋਂ ਬੂਟਾ ਸਿੰਘ ਬੱਕਰੀਆਂ ਚਰਾਉਣ ਗਿਆ ਤਾਂ ਇੱਕ ਬੱਕਰੀ ਲਾਪਤਾ ਹੋ ਗਈ। ਸ਼ਾਮ ਨੂੰ ਦਮਨਜੀਤ ਜਦੋਂ ਪਿੰਡ ਪਰਤਿਆ ਤਾਂ ਉਸ ਨੂੰ ਪਤਾ ਲੱਗਾ ਕਿ ਬੱਕਰੀ ਗਾਇਬ ਸੀ। ਇਸ ’ਤੇ ਉਹ ਆਪਣੇ ਲੜਕੇ ਹੰਸਾ ਸਿੰਘ ਅਤੇ ਰਿਸ਼ਤੇਦਾਰ ਬੂਟਾ ਸਿੰਘ ਨਾਲ ਬੱਕਰੀਆਂ ਲੱਭਣ ਲਈ ਨਿਕਲਿਆ। ਇਸ ਦੌਰਾਨ ਉਸ ਦਾ ਨਰੰਗ ਸਿੰਘ ਦੇ ਪਰਿਵਾਰ ਅਤੇ ਸਾਥੀਆਂ ਨਾਲ ਝਗੜਾ ਹੋ ਗਿਆ, ਜੋ ਜਲਦੀ ਹੀ ਲੜਾਈ ਵਿੱਚ ਬਦਲ ਗਿਆ।

ਦੋਵਾਂ ਧਿਰਾਂ ਵਿੱਚ ਹੋਈ ਹਿੰਸਕ ਝੜਪ ਵਿੱਚ ਬੂਟਾ ਸਿੰਘ ਅਤੇ ਹੰਸਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਬੂਟਾ ਸਿੰਘ ਦੀ ਮੌਤ ਹੋ ਗਈ।

ਬੂਟਾ ਸਿੰਘ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ‘ਤੇ ਸੰਗਰੂਰ ਜ਼ਿਲ੍ਹੇ ਦੇ ਥਾਣਾ ਛਾਜਲੀ ਦੀ ਪੁਲਿਸ ਨੇ ਨਰੰਗ ਸਿੰਘ ਪੁੱਤਰ ਮੱਘਰ ਸਿੰਘ ਸਮੇਤ 4 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੁੱਲ 6 ਵਿਅਕਤੀਆਂ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 302, 365, 341, 342, 323, 148, 149 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸਰਬਜੀਤ ਸਿੰਘ ਵਾਸੀ ਮੋਦਨ, ਗੁਰਪ੍ਰੀਤ ਸਿੰਘ ਵਾਸੀ ਬੰਗਰੋਲ, ਗੁਰਦਾਸ ਸਿੰਘ ਵਾਸੀ ਸ਼ੇਰੋਂ ਸ਼ਾਮਲ ਹਨ।

ਬੂਟਾ ਸਿੰਘ ਦੀ ਮੌਤ ਨਾਲ ਪਿੰਡ ਦੇ ਦਲਿਤ ਭਾਈਚਾਰੇ ਵਿੱਚ ਰੋਸ ਹੈ। ਵੀਰਵਾਰ ਸਵੇਰੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੇ ਬੂਟਾ ਸਿੰਘ ਦੀ ਲਾਸ਼ ਨੂੰ ਛਾਜਲੀ ਥਾਣੇ ਅੱਗੇ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ’ਤੇ ਬੈਠੇ ਲੋਕਾਂ ਨੇ ਕਿਹਾ ਕਿ ਬੂਟਾ ਸਿੰਘ ਦਲਿਤ ਭਾਈਚਾਰੇ ਨਾਲ ਸਬੰਧਤ ਹੈ, ਇਸ ਲਈ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਕੇਸ ਵਿੱਚ ਐਸਸੀ/ਐਸਟੀ ਐਕਟ ਵੀ ਜੋੜਿਆ ਜਾਵੇ।

ਦੂਜੇ ਪਾਸੇ ਹੜਤਾਲ ਦੀ ਸੂਚਨਾ ਮਿਲਦਿਆਂ ਹੀ ਸੰਗਰੂਰ ਦੇ ਐਸਪੀ ਪਲਵਿੰਦਰ ਸਿੰਘ ਚੀਮਾ ਅਤੇ ਦਿੜ੍ਹਬਾ ਦੇ ਡੀਐਸਪੀ ਪ੍ਰਿਥਵੀ ਸਿੰਘ ਚਾਹਲ ਮੌਕੇ ’ਤੇ ਪੁੱਜੇ। ਦੋਵਾਂ ਨੇ ਧਰਨੇ ’ਤੇ ਬੈਠੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਐੱਸਪੀ ਦੇ ਭਰੋਸੇ ‘ਤੇ ਧਰਨਾਕਾਰੀਆਂ ਨੇ ਧਰਨਾ ਚੁੱਕਿਆ।