ਸੰਗਰੂਰ/ਭਵਾਨੀਗੜ੍ਹ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਤ ਨੂੰ ਸੁਨਾਮ-ਭਵਾਨੀਗੜ੍ਹ ਮੁੱਖ ਸੜਕ ‘ਤੇ ਪਿੰਡ ਝਨੇੜੀ ਨੇੜੇ ਇਕ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ 80 ਫੁੱਟ ਤੱਕ ਘਸੀਟਦਾ ਲੈ ਗਿਆ। ਇਸ ਦੌਰਾਨ ਮੋਟਰਸਾਈਕਲ ਚਾਲਕ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਦੇ ਰੋਸ ਵੱਜੋਂ ਮ੍ਰਿਤਕ ਦੀ ਲਾਸ਼ ਨੂੰ ਸੜਕ ‘ਤੇ ਰੱਖ ਕੇ ਸੁਨਾਮ-ਭਵਾਨੀਗੜ੍ਹ ਰੋਡ ‘ਤੇ ਜਾਮ ਲਗਾ ਦਿੱਤਾ ਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਦੀ ਚਿਤਾਵਨੀ ਦਿੱਤੀ।
ਦੱਸ ਦਈਏ ਕਿ ਇਥੇ ਨਿਰਮਾਣ ਅਧੀਨ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ‘ਤੇ ਮਿੱਟੀ ਵਗੈਰਾ ਪਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਤੇ ਬੀਤੀ ਰਾਤ ਇਥੇ ਕੰਮ ‘ਚ ਲੱਗੇ ਇਕ ਟਿੱਪਰ ਨੇ ਪਿੰਡ ਝਨੇੜੀ ਤੋਂ ਕਿਸੇ ਕੰਮ ਲਈ ਭਵਾਨੀਗੜ੍ਹ ਆ ਰਹੇ ਅੰਮ੍ਰਿਤਪਾਲ ਸਿੰਘ ਉਰਫ ਕਾਲਾ (24) ਪੁੱਤਰ ਲਾਲ ਸਿੰਘ ਵਾਸੀ ਝਨੇੜੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ।
ਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੇ ਪਿਤਾ ਲਾਲ ਸਿੰਘ ਨੇ ਆਖਿਆ ਕਿ ਟਿੱਪਰ ਚਾਲਕ ਦੀ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਸਮੇਤ ਲੋਕਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਮੁਲਾਜ਼ਮ ਕਰੀਬ ਡੇਢ ਘੰਟੇ ਬਾਅਦ ਮੌਕੇ ‘ਤੇ ਪਹੁੰਚੇ। ਸੰਘਰਸ਼ ਦੀ ਹਮਾਇਤ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਬੀ.ਕੇ.ਯੂ. ਡਕੌਂਦਾ ਦੇ ਆਗੂ ਵੀ ਸ਼ਾਮਲ ਹੋਏ।
ਐਤਵਾਰ ਸਵੇਰੇ ਘਟਨਾ ਸਥਾਨ ‘ਤੇ ਪਹੁੰਚੇ ਡੀਐੱਸਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਤੇ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਡੀ.ਐੱਸ.ਪੀ. ਅਗਰਵਾਲ ਨੇ ਦੱਸਿਆ ਕਿ ਪੁਲਿਸ ਨੇ ਟਿੱਪਰ ਦੇ ਡਰਾਈਵਰ ਸੁਖਦੇਵ ਸਿੰਘ ਗੋਗੀ ਪੁੱਤਰ ਸਾਧੂ ਸਿੰਘ ਵਾਸੀ ਵਜੀਦਪੁਰ ਖਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਪੁਲਿਸ ਪ੍ਰਸ਼ਾਸਨ ਤੇ ਮ੍ਰਿਤਕ ਦੇ ਵਾਰਸਾਂ ਵਿਚਕਾਰ ਗੱਲਬਾਤ ਚੱਲ ਰਹੀ ਸੀ ਤੇ ਪੀੜਤ ਪਰਿਵਾਰ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ।