ਅਮਰੀਕਾ ‘ਚ 2 ਪੰਜਾਬੀ ਨੌਜਵਾਨਾਂ ਦੀ ਦ.ਰਦਨਾਕ ਮੌ.ਤ, ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਦੋਵੇਂ

0
1191

ਹੁਸ਼ਿਆਰਪੁਰ, 16 ਫਰਵਰੀ | ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੇ ਇੰਡੀਆਨਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਦੌਰਾਨ ਉਸ ਨੂੰ ਦੇਖਣ ਜਾ ਰਹੇ ਰਿਸ਼ਤੇਦਾਰ ਨਾਲ ਵੀ ਰਸਤੇ ‘ਚ ਭਿਆਨਕ ਹਾਦਸਾ ਵਾਪਰ ਗਿਆ ਅਤੇ ਉਸ ਦੀ ਵੀ ਮੌਤ ਹੋ ਗਈ। ਦੋਵੇਂ ਨੌਜਵਾਨ ਟਾਂਡਾ ਉੜਮੁੜ ਨਾਲ ਸਬੰਧਤ ਸਨ।

ਜਾਣਕਾਰੀ ਮੁਤਾਬਕ 13 ਫਰਵਰੀ ਨੂੰ ਜਹੂਰਾ ਵਾਸੀ 20 ਸਾਲ ਦਾ ਵਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਇੰਡੀਆਨਾ ਵਿਖੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ। ਇਸ ਦੌਰਾਨ ਹਾਈਵੇ ‘ਤੇ ਉਸ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਰਿੰਦਰ ਸਿੰਘ 11 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਅਜੇ ਉਸ ਦਾ ਵਿਆਹ ਨਹੀਂ ਹੋਇਆ ਸੀ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੁਝ ਦੂਰੀ ਉਤੇ ਰਹਿੰਦੇ ਵਰਿੰਦਰ ਸਿੰਘ ਦੇ ਤਾਏ ਦਾ ਪੁੱਤਰ ਲਖਵਿੰਦਰ ਸਿੰਘ ਆਪਣੇ ਮਾਮੇ ਦੇ ਲੜਕੇ ਪ੍ਰਭਜੋਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਤਲਵੰਡੀ ਡੱਡੀਆਂ ਨਾਲ ਵਰਿੰਦਰ ਨੂੰ ਦੇਖਣ ਆ ਰਹੇ ਸਨ। ਉਨ੍ਹਾਂ ਦੀ ਕਾਰ ਵੀ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਪ੍ਰਭਜੋਤ ਦੀ ਮੌਤ ਹੋ ਗਈ ਅਤੇ ਲਖਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।