ਯੂਕਰੇਨ ਦੇ ਜੰਗੀ ਕੈਦੀਆਂ ਨੂੰ ਲੈ ਕੇ ਜਾ ਰਿਹਾ ਰੂਸ ਦਾ ਜਹਾਜ਼ ਹਾਦਸਾਗ੍ਰਸਤ, 74 ਜਣਿਆਂ ਦੀ ਮੌ.ਤ

0
102

ਮਾਸਕੋ, 24 ਜਨਵਰੀ | ਯੂਕਰੇਨ ਨਾਲ ਲਗਦੀ ਸਰਹੱਦ ਨੇੜੇ ਬੇਲਗੋਰੋਡ ਖੇਤਰ ’ਚ ਬੁੱਧਵਾਰ ਨੂੰ ਰੂਸ ਦਾ ਇਕ ਫੌਜੀ ਆਵਾਜਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਯੂਕਰੇਨ ਦੇ 65 ਜੰਗੀ ਫੌਜੀ, ਚਾਲਕ ਦਲ ਦੇ 6 ਮੈਂਬਰ ਅਤੇ 3 ਹੋਰ ਸਵਾਰ ਸਨ। ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਰੂਸ ਦੇ ਗਵਰਨਰ ਨੇ ਕਿਹਾ ਕਿ ਜਹਾਜ਼ ’ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਹਾਦਸਾਗ੍ਰਸਤ ਹੋਇਆ ਅਤੇ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸਾ ਕਿਸ ਕਾਰਨ ਹੋਇਆ।

ਰੱਖਿਆ ਮੰਤਰਾਲੇ ਨੇ ਕਿਹਾ ਕਿ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਇਕ ਵਿਸ਼ੇਸ਼ ਫੌਜੀ ਕਮਿਸ਼ਨ ਮੌਕੇ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਕਿ ਰੂਸ ਦੇ ਇਕ ਵੱਡੇ ਮਿਜ਼ਾਈਲ ਹਮਲੇ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 130 ਹੋਰ ਜ਼ਖਮੀ ਹੋ ਗਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਹਮਲਾ ਯੂਕਰੇਨ ਦੀ ਹਵਾਈ ਰੱਖਿਆ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਸੀ।