ਰੂਸ : 23 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, 16 ਲੋਕਾਂ ਦੀ ਮੌਤ, 7 ਦੀ ਹਾਲਤ ਗੰਭੀਰ

0
3465

ਰੂਸ | ਰੂਸ ਦੇ ਤਾਤਾਰਸਤਾਨ ਖੇਤਰ ‘ਚ ਐਤਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ 21 ਪੈਰਾਸ਼ੂਟ ਡਾਈਵਰਸ ਸਣੇ 23 ਲੋਕ ਸਵਾਰ ਸਨ।

ਹਾਦਸੇ ‘ਚ 23 ‘ਚੋਂ 7 ਲੋਕਾਂ ਨੂੰ ਬਚਾ ਲਿਆ ਗਿਆ, ਜਿਸ ਬਾਰੇ ਰੂਸੀ ਸਮਾਚਾਰ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਗਿਆ ਹੈ, ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹਨ।

ਹਾਦਸੇ ‘ਚ 16 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦਕਿ 7 ਲੋਕ ਜ਼ਖਮੀ ਹੋਏ ਹਨ। ਲੋਕਲ ਹੈਲਥ ਮਨਿਸਟਰੀ ਅਨੁਸਾਰ 7 ਜ਼ਖਮੀਆਂ ‘ਚੋਂ ਇਕ ਦੀ ਹਾਲਤ ਬਹੁਤ ਗੰਭੀਰ ਹੈ।

ਸੂਤਰਾਂ ਅਨੁਸਾਰ ਇਹ ਜਹਾਜ਼ ਮਾਸਕੋ ਦੇ ਸਮੇਂ ਅਨੁਸਾਰ 9.11 ਵਜੇ ਦੁਰਘਟਨਾਗ੍ਰਸਤ ਹੋਇਆ। ਇਸ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋਈ ਹੈ। ਫਿਲਹਾਲ 19 ਲੋਕਾਂ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਹੋਈ।

ਬਚਾਅ ਕਾਰਜ ਵਾਲੀਆਂ ਟੀਮਾਂ ਨੂੰ ਜਹਾਜ਼ ਦੇ ਮਲਬੇ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਭਾਲ ਦਾ ਕੰਮ ਅਜੇ ਵੀ ਜਾਰੀ ਹੈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੇਕਆਫ ਤੋਂ ਤੁਰੰਤ ਬਾਅਦ ਹੀ ਜਹਾਜ਼ ਜ਼ਮੀਨ ‘ਤੇ ਆ ਡਿੱਗਾ। ਡਿੱਗਦੇ ਹੀ ਜਹਾਜ਼ ਦੀ ਬਾਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਇਸ ਦਾ ਪਿਛਲੇ ਹਿੱਸਾ ਹੀ ਦਿਖਾਈ ਦੇ ਰਿਹਾ ਸੀ। ਜਹਾਜ਼ ਦਾ ਪੁਰਾਣਾ ਹੋਣਾ ਹਾਦਸੇ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ।