ਰੂਪਨਗਰ, 7 ਫਰਵਰੀ | ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ‘ਤੇ ਪਿੰਡ ਜਿੰਦਵੜੀ ਦੇ ਇਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਨਾਲ ਭਰੀ ਬੱਸ ਦੇ ਹਾਦਸਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ‘ਚ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਵੇਲੇ ਬੱਸ ਬੱਚਿਆਂ ਨਾਲ ਭਰੀ ਹੋਈ ਸੀ। ਡਰਾਈਵਰ ਦੀ ਸਿਆਣਪ ਕਾਰਨ ਬੱਚਿਆਂ ਦੀ ਜਾਨ ਬਚ ਗਈ। ਵਿਦਿਆਰਥੀ ਛੁੱਟੀ ਤੋਂ ਬਾਅਦ ਸਕੂਲ ਬੱਸ ਰਾਹੀਂ ਵਾਪਸ ਪਰਤ ਰਹੇ ਸਨ ਜਦੋਂ ਬੱਸ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਸਕੂਲੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਸ੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ ਵੀ ਆਪਣੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।







































