ਲੁਧਿਆਣਾ ‘ਚ ਸ਼ਰਾਬ ਦੇ ਠੇਕੇ ਨੂੰ ਲੈ ਕੇ ਹੰਗਾਮਾ, ਲੋਕਾਂ ਨੇ ਖੋਖੇ ਨੂੰ ਲਾਈ ਅੱਗ; ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

0
13

ਲੁਧਿਆਣਾ, 23 ਜੁਲਾਈ | ਲੁਧਿਆਣਾ ਦੇ ਢੋਲੇਵਾਲ ਸਥਿਤ ਗੁਰੂ ਅਰਜਨ ਦੇਵ ਨਗਰ ਵਿੱਚ ਵੀਰਵਾਰ ਨੂੰ ਪ੍ਰਸਤਾਵਿਤ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਇਲਾਕਾ ਵਾਸੀ ਕੌਂਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਮੌਕੇ ‘ਤੇ ਪਹੁੰਚੇ ਅਤੇ ਠੇਕਾ ਖੋਲ੍ਹਣ ਦੇ ਵਿਰੋਧ ਵਿੱਚ ਸਰਕਾਰ ਤੇ ਆਬਕਾਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਕਥਿਤ ਤੌਰ ‘ਤੇ ਠੇਕੇ ਲਈ ਬਣਾਏ ਜਾ ਰਹੇ ਖੋਖੇ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।

ਹਾਲਾਂਕਿ ਸਮੇਂ ਸਿਰ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਸ਼ਾਂਤ ਕਰਵਾਇਆ।

ਘਣੀ ਆਬਾਦੀ ਤੇ ਧਾਰਮਿਕ ਸਥਾਨ ਨੇੜੇ ਠੇਕਾ ਖੋਲ੍ਹਣ ਦਾ ਵਿਰੋਧ

ਕੌਂਸਲਰ ਸੋਹਣ ਸਿੰਘ ਗੋਗਾ ਨੇ ਦੱਸਿਆ ਕਿ ਇਹ ਵਿਰੋਧ ਸੰਗੀਤ ਸਿਨੇਮਾ ਦੇ ਪਿੱਛੇ ਸਥਿਤ ਬਹਾਦਰੀ ਖੇਤ, ਗੁਰੂ ਅਰਜਨ ਦੇਵ ਨਗਰ ਵਿੱਚ ਖੋਲ੍ਹੇ ਜਾ ਰਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ‘ਤੇ ਠੇਕਾ ਖੋਲ੍ਹਿਆ ਜਾ ਰਿਹਾ ਹੈ, ਉਸ ਦੇ ਆਲੇ-ਦੁਆਲੇ ਘਣੀ ਆਬਾਦੀ, ਮੰਦਰ, ਡਿਸਪੈਂਸਰੀ ਅਤੇ ਰਿਹਾਇਸ਼ੀ ਇਲਾਕੇ ਹਨ।

ਉਨ੍ਹਾਂ ਕਿਹਾ ਕਿ ਇੱਥੇ ਠੇਕਾ ਖੁੱਲ੍ਹਣ ਨਾਲ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਲਾਕੇ ਦਾ ਮਾਹੌਲ ਵੀ ਖ਼ਰਾਬ ਹੋਣ ਦਾ ਖ਼ਦਸ਼ਾ ਹੈ।



ਲੋਕਾਂ ਨੇ ਕਿਹਾ- ਕਿਸੇ ਵੀ ਕੀਮਤ ‘ਤੇ ਨਹੀਂ ਖੁੱਲ੍ਹਣ ਦੇਵਾਂਗੇ ਠੇਕਾ

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਇਸ ਥਾਂ ‘ਤੇ ਸ਼ਰਾਬ ਦਾ ਠੇਕਾ ਕਿਸੇ ਵੀ ਕੀਮਤ ‘ਤੇ ਨਹੀਂ ਖੁੱਲ੍ਹਣ ਦੇਣਗੇ। ਲੋਕਾਂ ਨੇ ਮੰਗ ਕੀਤੀ ਕਿ ਠੇਕੇ ਨੂੰ ਕਿਸੇ ਹੋਰ ਉਚਿਤ ਸਥਾਨ ‘ਤੇ ਤਬਦੀਲ ਕੀਤਾ ਜਾਵੇ।

ਠੇਕਾ ਸੰਚਾਲਕ ਦੀ ਸ਼ਿਕਾਇਤ ‘ਤੇ ਜਾਂਚ ਸ਼ੁਰੂ

ਮਾਮਲੇ ਸਬੰਧੀ ਏਐਸਆਈ ਹਰਭਜਨ ਸਿੰਘ ਨੇ ਕਿਹਾ ਕਿ ਸ਼ਾਂਤਮਈ ਵਿਰੋਧ ਕਰਨਾ ਹਰ ਨਾਗਰਿਕ ਦਾ ਅਧਿਕਾਰ ਹੈ, ਪਰ ਕਿਸੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਜਾਂ ਅੱਗ ਲਗਾਉਣਾ ਕਾਨੂੰਨੀ ਅਪਰਾਧ ਹੈ।

ਉਨ੍ਹਾਂ ਦੱਸਿਆ ਕਿ ਠੇਕਾ ਸੰਚਾਲਕ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।