ਹੁਸ਼ਿਆਰਪੁਰ, 5 ਜਨਵਰੀ | ਟਾਂਡਾ ਰੋਡ ‘ਤੇ ਸਥਿਤ ਅੱਡਾ ਸਰਾਂ ਨਜ਼ਦੀਕ ਫੁਲਕਾਰੀ ਫਾਰਮ ਹਾਊਸ ਵਿੱਚ ਬੀਤੇ ਦਿਨੀ ਇੱਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਬਾਊਂਸਰਾਂ ਅਤੇ ਪੈਲੇਸ ਦੇ ਬੀ-ਕਲਾਸ ਸਟਾਫ ਵਿਚਕਾਰ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਬਾਊਂਸਰਾਂ ਨੂੰ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜਣਾ ਪਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਂਤ ਭੱਲਾ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਨਾਲ, ਜਿਸ ਵਿੱਚ ਮਹਿਲਾ ਸਟਾਫ ਵੀ ਸ਼ਾਮਲ ਸੀ, ਕੰਮ ਦੇ ਸਿਲਸਿਲੇ ਵਿੱਚ ਫੁਲਕਾਰੀ ਫਾਰਮ ਗਏ ਹੋਏ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਦੌਰਾਨ ਪੈਲੇਸ ਦੇ ਬੀ-ਕਲਾਸ ਸਟਾਫ ਵੱਲੋਂ ਮਹਿਲਾਵਾਂ ਨਾਲ ਬਦਸਲੂਕੀ ਕੀਤੀ ਗਈ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਸਟਾਫ ਦੇ ਕਈ ਲੋਕ ਇਕੱਠੇ ਹੋ ਕੇ ਉਨ੍ਹਾਂ ‘ਤੇ ਹਮਲਾ ਕਰਨ ਲੱਗ ਪਏ।
ਪ੍ਰਸ਼ਾਂਤ ਭੱਲਾ ਨੇ ਦੱਸਿਆ ਕਿ ਹਮਲੇ ਦੌਰਾਨ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਇੱਕ ਮਹਿਲਾ ਸਟਾਫ ਮੈਂਬਰ ਦੀ ਚੈਨ ਵੀ ਝਪਟ ਲਈ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ ‘ਤੇ ਚੌਕੀ ਇੰਚਾਰਜ ਅੱਡਾ ਸਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਉਪਰਾਂਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।








































