ਰਣਜੀਤ ਸਿੰਘ ਬ੍ਰਹਮਪੁਰਾ ਦੀ ਘਰ ਵਾਪਸੀ : ਅਕਾਲੀ ਦਲ ‘ਚ ਹੋਏ ਸ਼ਾਮਿਲ, ਸੁਖਬੀਰ ਨੇ ਪੈਰ ਛੂਹ ਕੇ ਲਿਆ ਆਸ਼ੀਰਵਾਦ

0
296

ਭਾਜਪਾ ਨਾਲ ਗਠਜੋੜ ਕਰਨ ‘ਤੇ ਸੁਖਦੇਵ ਸਿੰਘ ਢੀਂਡਸਾ ਦਾ ਛੱਡਿਆ ਸਾਥ

ਚੰਡੀਗੜ੍ਹ | ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਘਰ ਵਾਪਸੀ ਕਰ ਲਈ ਹੈ। ਉਹ ਚੰਡੀਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ (ਯੂਨਾਈਟਿਡ) ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।

ਇਸ ਮੌਕੇ ਬ੍ਰਹਮਪੁਰਾ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਸੁਖਬੀਰ ਨੇ ਵੀ ਬ੍ਰਹਮਪੁਰਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।

ਜ਼ਿਕਰਯੋਗ ਹੈ ਕਿ ਰਣਜੀਤ ਬ੍ਰਹਮਪੁਰਾ ਨੇ ਸੁਖਬੀਰ ਦੀ ਵੱਧਦੀ ਸਰਦਾਰੀ ਨੂੰ ਦੇਖਦਿਆਂ ਅਕਾਲੀ ਦਲ ਛੱਡ ਦਿੱਤਾ ਸੀ, ਜਿਸ ਵਿੱਚ ਕਈ ਆਰੋਪ ਵੀ ਲਾਏ ਗਏ ਸਨ, ਜਿਸ ਤੋਂ ਬਾਅਦ ਢੀਂਡਸਾ ਨਾਲ ਮਿਲ ਕੇ ਅਕਾਲੀ ਦਲ ਦਾ ਗਠਨ ਕੀਤਾ ਗਿਆ। ਹਾਲਾਂਕਿ ਹੁਣ ਢੀਂਡਸਾ ਦੇ ਭਾਜਪਾ ਨਾਲ ਗਠਜੋੜ ਕਰਨ ਦੇ ਵਿਰੋਧ ‘ਚ ਉਨ੍ਹਾਂ ਅਕਾਲੀ ਦਲ ‘ਚ ਵਾਪਸੀ ਕੀਤੀ ਹੈ।

ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀ ਹਨ ਬ੍ਰਹਮਪੁਰਾ

ਪੰਜਾਬ ਵਿੱਚ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚਲਾ ਰਹੇ ਸਨ, ਉਦੋਂ ਤੱਕ ਕਈ ਸੀਨੀਅਰ ਆਗੂ ਉਨ੍ਹਾਂ ਦੇ ਨਾਲ ਖੜ੍ਹੇ ਰਹੇ, ਜਿਵੇਂ-ਜਿਵੇਂ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਦਾ ਦਬਦਬਾ ਵਧਦਾ ਗਿਆ ਤਾਂ ਸੀਨੀਅਰ ਅਕਾਲੀ ਆਗੂ ਵੀ ਨਾਰਾਜ਼ ਹੋਣ ਲੱਗੇ।

ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਰਣਜੀਤ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਵੀ ਦਿੱਗਜ਼ ਅਕਾਲੀ ਆਗੂ ਸਨ। ਹਾਲਾਂਕਿ ਸੁਖਬੀਰ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਬਗਾਵਤ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵੱਖਰੀ ਪਾਰਟੀ ਬਣਾ ਲਈ ਸੀ।

ਪਹਿਲਾਂ ਹੀ ਜ਼ਾਹਿਰ ਕਰ ਦਿੱਤੀ ਸੀ ਨਾਰਾਜ਼ਗੀ

ਰਣਜੀਤ ਸਿੰਘ ਬ੍ਰਹਮਪੁਰਾ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ (ਯੂ) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਦੇ ਭਾਜਪਾ ਨਾਲ ਗਠਜੋੜ ਕਰਨ ‘ਤੇ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਖਿਲਾਫ਼ ਮਾਹੌਲ ਬਣਿਆ ਹੋਇਆ ਹੈ।

ਕਿਸਾਨ ਅੰਦੋਲਨ ਭਾਵੇਂ ਖ਼ਤਮ ਹੋ ਗਿਆ ਹੋਵੇ ਪਰ ਇਸ ਵਿੱਚ ਹੋਈਆਂ ਮੌਤਾਂ ਨੂੰ ਲੈ ਕੇ ਰੋਸ ਹੈ। ਇਸ ਲਈ ਭਾਜਪਾ ਨਾਲ ਗਠਜੋੜ ਕਰਨਾ ਉਚਿਤ ਨਹੀਂ ਹੈ। ਇਸ ਦੇ ਬਾਵਜੂਦ ਢੀਂਡਸਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਜਿਸ ‘ਤੇ ਬ੍ਰਹਮਪੁਰਾ ਨੇ ਸਵਾਲ ਉਠਾਏ ਹਨ।