ਬੀਐਸਐਫ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ, ਘਟਨਾ ਸੀਸੀਟੀਵੀ ‘ਚ ਕੈਦ

0
468

ਗੁਰਦਾਸਪੁਰ, 14 ਫਰਵਰੀ| ਬੀਤੀ ਦੇਰ ਰਾਤ ਬਟਾਲਾ ਨਜ਼ਦੀਕੀ ਪਿੰਡ ਘੁੰਮਣ ਕਲਾਂ ਵਿਖੇ ਬੀਐਸਐਫ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ‘ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਗ਼ਨੀਮਤ ਇਹ ਰਹੀ ਕਿ ਇਸ ਹਮਲੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਸੀਸੀਟੀਵੀ ਮੁਤਾਬਿਕ ਇਹ ਹਮਲਾ ਜ਼ਬਰਦਸਤ ਸੀ ਅਤੇ ਘਰ ਦੇ ਵੇਹੜੇ ਅੰਦਰ ਅੱਗ ਦਾ ਗੁਬਾਰ ਲੱਗ ਗਿਆ।

ਓਥੇ ਹੀ ਪੀੜਤ ਰਿਟਾਇਰਡ ਸਬ ਇੰਸਪੈਕਟਰ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰ ਵਿਆਹ ਦਾ ਪ੍ਰੋਗਰਾਮ ਹੈ। ਉਨ੍ਹਾਂ ਦੇ ਬੱਚੇ ਵਿਦੇਸ਼ ਤੋਂ ਪਿੰਡ ਆਏ ਹੋਏ ਹਨ। ਦੇਰ ਰਾਤ ਉਹ ਬੱਚਿਆਂ ਨਾਲ ਜਦੋਂ ਸੈਰ ਕਰਕੇ ਵਾਪਿਸ ਆਏ ਤਾਂ ਇਕਦਮ ਧਮਾਕਾ ਸੁਣਿਆ। ਜਦ ਬਾਹਰ ਆ ਕੇ ਦੇਖਿਆ ਤਾਂ ਵੇਹੜੇ ਅੰਦਰ ਅੱਗ ਦਾ ਗੁਬਾਰ ਨਜ਼ਰ ਆਇਆ।

ਸੀਸੀਟੀਵੀ ਚੈੱਕ ਕਰਨ ‘ਤੇ ਪਤਾ ਚੱਲਿਆ ਕਿ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਲਾਗਤਬਾਜ਼ੀ ਨਹੀਂ ਹੈ। ਉਨ੍ਹਾਂ ਇਨਸਾਫ ਦੀ ਗੁਹਾਰ ਲਗਾਈ।