ਜਲੰਧਰ ਵਿੱਚ ਧਾਰਮਿਕ ਵਿਵਾਦ ਨਿਤਿਨ ਕੋਹਲੀ, ਵਿਨੀਤ ਧੀਰ ਅਤੇ ਮਹਿੰਦਰ ਭਗਤ ਦੀਆਂ ਪਹਿਲਕਦਮੀਆਂ ਨਾਲ ਹੋਇਆ ਹੱਲ

0
261

ਜਲੰਧਰ, 7 ਅਕਤੂਬਰ — ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ, ਮੇਅਰ ਵਿਨੀਤ ਧੀਰ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਸਰਗਰਮ ਪਹਿਲਕਦਮੀ ਨੇ ‘ਆਪ’ ਨੇਤਾ ਚੰਦਨ ਗਰੇਵਾਲ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਦੇ ਕਾਰਨ ਸ਼ਹਿਰ ਵਿੱਚ ਧਾਰਮਿਕ ਨਾਅਰੇਬਾਜ਼ੀ ਤੋਂ ਪੈਦਾ ਹੋਏ ਵਿਵਾਦ ਨੂੰ ਪੂਰੀ ਤਰ੍ਹਾਂ ਹੱਲ ਕਰ ਦਿੱਤਾ ਹੈ। ਮੀਟਿੰਗ ਵਿੱਚ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਸਮਝੌਤਾ ਕੀਤਾ, ਜੋ ਮੇਅਰ ਹਾਊਸ ਵਿਖੇ ਹੋਈ ।

ਦੋਵਾਂ ਧਿਰਾਂ ਦੇ ਪ੍ਰਤੀਨਿਧੀਆਂ, ਅਯੂਬ ਖਾਨ ਅਤੇ ਯੋਗੇਸ਼ ਮੈਣੀ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਅਤੇ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਾਰੇ ਤਿਉਹਾਰ ਆਪਸੀ ਪਿਆਰ ਅਤੇ ਏਕਤਾ ਨਾਲ ਮਨਾਏ ਜਾਣਗੇ।

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਜਲੰਧਰ ਹਮੇਸ਼ਾ ਏਕਤਾ ਅਤੇ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਜ਼ੋਰ ਦਿੱਤਾ ਕਿ ਕਿਸੇ ਵੀ ਵਿਵਾਦ ਨੂੰ ਗੱਲਬਾਤ ਅਤੇ ਸਮਝ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਮੋਹਿੰਦਰ ਭਗਤ ਨੇ ਦੋਵਾਂ ਧਿਰਾਂ ਨੂੰ ਇਕੱਠੇ ਅੱਗੇ ਵਧਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮਝੌਤਾ ਸਮਾਜ ਵਿੱਚ ਸਦਭਾਵਨਾ ਦੀ ਇੱਕ ਉਦਾਹਰਣ ਵਜੋਂ ਕੰਮ ਕਰੇਗਾ।

ਨਿਤਿਨ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸ਼ਾਂਤੀ, ਭਾਈਚਾਰਾ ਅਤੇ ਧਾਰਮਿਕ ਸਦਭਾਵਨਾ ਦੀ ਪਰੰਪਰਾ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਜਲੰਧਰ ਵਿੱਚ ਜਲਦੀ ਹੀ ਇੱਕ “ਸ਼ਾਂਤੀ ਕਮੇਟੀ” ਬਣਾਈ ਜਾਵੇਗੀ, ਜਿਸ ਵਿੱਚ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ। ਇਹ ਕਮੇਟੀ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਵਿਵਾਦ ਨੂੰ ਆਪਸੀ ਗੱਲਬਾਤ ਅਤੇ ਸਮਝ ਰਾਹੀਂ ਸ਼ਾਂਤੀਪੂਰਵਕ ਹੱਲ ਕਰਨ ਲਈ ਕੰਮ ਕਰੇਗੀ।

ਮੇਅਰ ਵਿਨੀਤ ਧੀਰ ਨੇ ਕਿਹਾ ਕਿ ਜਲੰਧਰ ਨਗਰ ਨਿਗਮ ਅਤੇ ਪ੍ਰਸ਼ਾਸਨ ਹਰ ਧਰਮ ਅਤੇ ਭਾਈਚਾਰੇ ਦਾ ਸਤਿਕਾਰ ਕਰਨ ਲਈ ਬਰਾਬਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪੰਜਾਬ ਦਾ ਦਿਲ ਹੈ ਅਤੇ ਆਪਸੀ ਪਿਆਰ ਇਸਦੀ ਮਿੱਟੀ ਵਿੱਚ ਡੂੰਘਾਈ ਨਾਲ ਜੁੜਿਆ ਹੋਇਆ ਹੈ। ਨਗਰ ਨਿਗਮ ਸ਼ਹਿਰ ਵਿੱਚ ਏਕਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕੇਗਾ।

ਇਸ ਮੌਕੇ ਤੇ ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਵੀ ਮੌਜੂਦ ਸਨ।