ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬਜ਼ੁਰਗਾਂ ਅਤੇ ਸਹਿ ਰੋਗਾਂ ਵਾਲੇ ਵਿਅਕਤੀਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ 4 ਮਾਰਚ 2021 ਤੋਂ ਜ਼ਿਲ੍ਹੇ ਦੇ ਸਮੁੱਚੇ 33 ਸੇਵਾ ਕੇਂਦਰਾਂ ‘ਤੇ ਸ਼ੁਰੂ ਹੋਣ ਜਾ ਰਹੀ ਕੋਵਿਡ -19 ਟੀਕਾਕਰਨ ਲਈ ਰਜਿਸਟਰੇਸ਼ਨ ਵਾਸਤੇ ਤਿਆਰ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਖੇ ਰਜਿਸਟ੍ਰੇਸ਼ਨ ਦੀ ਸਹੂਲਤ ਲਈ 30 ਰੁਪਏ ਦੀ ਫੀਸ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਆਪਣੇ ਨਾਲ ਆਪਣਾ ਅਧਾਰ ਕਾਰਡ, ਮੋਬਾਈਲ ਫੋਨ ਅਤੇ ਸਹਿ-ਰੋਗ ਹੋਣ ਦੀ ਸਥਿਤੀ ਵਿੱਚ ਮੈਡੀਕਲ ਸਰਟੀਫਿਕੇਟ ਨਾਲ ਲੈ ਕੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਹਿ-ਰੋਗਾਂ ਵਾਲੇ ਵਿਅਕਤੀ ਮੁਹਿੰਮ ਦੇ ਤੀਜੇ ਪੜਾਅ ਦੌਰਾਨ ਟੀਕਾਕਰਨ ਦੇ ਯੋਗ ਹਨ ਅਤੇ ਉਹ ਜ਼ਿਲ੍ਹੇ ਭਰ ਦੇ ਸਮੁੱਚੇ 33 ਸੇਵਾ ਕੇਂਦਰਾਂ ‘ਤੇ ਟੀਕਾਕਰਨ ਲਈ ਬੁਕਿੰਗ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰ ਵਿਖੇ ਟੀਕਾਕਰਨ ਰਜਿਸਟਰੇਸ਼ਨ ਇੱਕ ਓਟੀਪੀ ਅਧਾਰਤ ਸਿਸਟਮ ਹੈ, ਜਿਥੇ ਲਾਭਪਾਤਰੀਆਂ ਦੇ ਮੋਬਾਈਲ ਨੰਬਰ ‘ਤੇ ਪਾਸਵਰਡ ਭੇਜਿਆ ਜਾਂਦਾ ਹੈ। ਇਸ ਲਈ ਸਾਰੇ ਯੋਗ ਲਾਭਪਾਤਰੀ ਸੇਵਾ ਕੇਂਦਰ ਆਉਣ ਵੇਲੇ ਆਪਣੇ ਮੋਬਾਇਲ ਜ਼ਰੂਰ ਨਾਲ ਲੈ ਕੇ ਆਉਣ। ਲਾਭਪਾਤਰੀਆਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ‘ਤੇ ਟੀਕਾਕਰਨ ਸੰਬੰਧੀ ਸਾਰੀ ਲੋੜੀਂਦੀ ਜਾਣਕਾਰੀ ਪ੍ਰਾਪਤ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਯੋਗ ਲਾਭਪਾਤਰੀਆਂ ਨੂੰ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਲਾਗ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਸਕਦਾ ਹੈ।