ਰਾਜਸਥਾਨ : ਬੱਕਰੀਆਂ ਚਰਾਉਣ ਗਈ ਨਾਬਾਲਗਾ ਨੂੰ ਕੋਲਾ ਭੱਠੀ ‘ਚ ਸਾੜਿਆ, 4 ਜ਼ਿਲ੍ਹਿਆਂ ਦੀ ਪੁਲਿਸ ਜਾਂਚ ‘ਚ ਜੁਟੀ

0
2418

ਰਾਜਸਥਾਨ| ਰਾਜਸਥਾਨ ਦੇ ਭੀਲਵਾੜਾ ‘ਚ ਕੋਲੇ ਦੀ ਭੱਠੀ ‘ਚ 14 ਸਾਲਾ ਨਾਬਾਲਗ ਨੂੰ ਅੱਗ ਲੱਗ ਗਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨਾਲ ਪਹਿਲਾਂ ਗੈਂਗਰੇਪ ਹੋ ਚੁੱਕਿਆ ਸੀ। ਮਾਮਲਾ ਜ਼ਿਲ੍ਹੇ ਦੇ ਕੋਟਰੀ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ ਜਿਥੇ ਬੁੱਧਵਾਰ ਰਾਤ 10 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ 4 ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਸ ਮਾਮਲੇ ‘ਚ 3 ਮੁਲਜ਼ਮਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।

ਨਾਬਾਲਗ ਦੇ ਵੱਡੇ ਭਰਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8 ਵਜੇ ਉਸ ਦੀ ਛੋਟੀ ਭੈਣ ਬੱਕਰੀਆਂ ਲੈ ਕੇ ਘਰੋਂ ਨਿਕਲੀ ਸੀ। ਸ਼ਾਮ 3 ਵਜੇ ਦੇ ਕਰੀਬ ਬੱਕਰੀਆਂ ਘਰ ਵਾਪਸ ਆ ਗਈਆਂ ਪਰ ਭੈਣ ਘਰ ਨਹੀਂ ਆਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ। ਪਿੰਡ ‘ਚ ਸਾਰੇ ਰਿਸ਼ਤੇਦਾਰਾਂ ਦੇ ਘਰ ਅਤੇ ਖੇਤਾਂ ‘ਚ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ।

ਰਾਤ ਕਰੀਬ 8 ਵਜੇ ਪਰਿਵਾਰਕ ਜੀਆਂ ਅਤੇ ਪਿੰਡ ਵਾਸੀਆਂ ਨੇ ਫਿਰ ਤੋਂ ਨਾਬਾਲਗ ਦੀ ਭਾਲ ਸ਼ੁਰੂ ਕਰ ਦਿਤੀ। ਇਸ ਦੌਰਾਨ ਕਰੀਬ 10 ਵਜੇ ਪਿੰਡ ਦੇ ਬਾਹਰ ਕਾਲਬੇਲੀਆਂ ਦੇ ਡੇਰੇ ਵਿਚ ਕੋਲਾ ਬਣਾਉਣ ਵਾਲੀ ਭੱਠੀ ਤਪ ਰਹੀ ਸੀ। ਬਰਸਾਤ ਦੌਰਾਨ ਇਹ ਭੱਠੀ ਨਹੀਂ ਤਪਦੀ, ਸ਼ੱਕ ਦੇ ਅਧਾਰ ‘ਤੇ ਭੱਠੀ ਨੇੜੇ ਜਾ ਕੇ ਦੇਖਿਆ ਤਾਂ ਲਾਪਤਾ ਭੈਣ ਦੀਆਂ ਜੁੱਤੀਆਂ ਉਥੋਂ ਮਿਲੀਆਂ।

ਇਸ ਦੇ ਨਾਲ ਹੀ ਭੈਣ ਵਲੋਂ ਪਹਿਨਿਆ ਚਾਂਦੀ ਦਾ ਕੰਗਣ ਅਤੇ ਹੱਡੀਆਂ ਦੇ ਟੁਕੜੇ ਵੀ ਅੱਗ ਵਿਚੋਂ ਮਿਲੇ। ਪਿੰਡ ਵਾਸੀਆਂ ਨੇ ਰਾਤ ਹੀ ਕੁਝ ਲੋਕਾਂ ਨੂੰ ਫੜ ਲਿਆ ਸੀ। ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ ਹੈ।

ਜਿਥੇ ਉਨ੍ਹਾਂ ਨੇ ਲੜਕੀ ਨਾਲ ਗੈਂਗਰੇਪ ਕਰਨ ਅਤੇ ਸਾੜਨ ਦੀ ਗੱਲ ਕੀਤੀ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ ਗਈ। ਦੇਰ ਰਾਤ 4 ਥਾਣਿਆਂ ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਤ ਨੂੰ ਹੀ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਵੀਰਵਾਰ ਸਵੇਰੇ ਇਕ ਵਾਰ ਫਿਰ ਸਾਰੇ ਅਧਿਕਾਰੀ ਅਤੇ ਜਾਂਚ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਐਸ.ਪੀ. ਆਦਰਸ਼ ਸਿੱਧੂ ਨੇ ਦਸਿਆ ਕਿ ਇਕ ਬੱਚੀ ਦਾ ਕਤਲ ਕਰ ਕੇ ਸਾੜ ਦਿਤਾ ਗਿਆ ਸੀ। ਜਾਂਚ ਵਿਚ ਚਾਰ ਲੋਕਾਂ ਦੇ ਨਾਂਅ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ ਤਿੰਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬਲਾਤਕਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਮ ਤਕ ਇਸ ਦਾ ਖ਼ੁਲਾਸਾ ਕਰਨਗੇ।