ਭੱਖਦੇ ਮੁੱਦਿਆਂ ਨਾਲ ਸਬੰਧਤ ਖ਼ਬਰਾਂ ਦੇ ਪ੍ਰਿੰਟ ਵਾਲੀ ਟੀ-ਸ਼ਰਟ ਪਾ ਕੇ ਵਿਧਾਨ ਸਭਾ ਪਹੁੰਚੇ ਰਾਜਾ ਵੜਿੰਗ

0
190

ਚੰਡੀਗੜ੍ਹ| ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਹੈ ਤੇ ਅੱਜ ਦੇ ਦਿਨ ਵੀ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਜਾ ਰਿਹਾ। ਇਸ ਦੌਰਾਨ ਸੈਸ਼ਨ ਵਿਚ ਪਹੁੰਚਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਚਰਚਾ ਦਾ ਵਿਸ਼ਾ ਰਹੇ ਕਿਉਂਕਿ ਉਹ ਅੱਜ ਪੰਜਾਬ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਨਾਲ ਸਬੰਧਤ ਖ਼ਬਰਾਂ ਦੇ ਪ੍ਰਿੰਟ ਵਾਲੀ ਟੀ-ਸ਼ਰਟ ਪਾ ਕੇ ਵਿਧਾਨ ਸਭਾ ਪਹੁੰਚੇ।

ਉਨ੍ਹਾਂ ਨੇ ਪੰਜਾਬ ਦੇ ਮਸਲਿਆਂ ਬਾਰੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਪੰਜਾਬ ‘ਚ ਦਿਨ-ਦਿਹਾੜੇ ਕਤਲ ਹੋ ਰਹੇ ਹਨ, ਜਿਸ ਕਾਰਨ ਲੋਕ ਚਿੰਤਾ ਵਿਚ ਹਨ। ਪੰਜਾਬ ਦੇ ਹਾਲਤ ਬਹੁਤ ਮਾੜੇ ਹੋ ਗਏ ਹਨ ਤੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਪਿਛਲੇ ਸਾਲ ਤੋਂ ਜੋ ਘਟਨਾਵਾਂ ਪੰਜਾਬ ‘ਚ ਵਾਪਰੀਆਂ ਸਨ, ਕਾਂਗਰਸ ਨੇ ਵਾਰ-ਵਾਰ ਉਹ ਸਾਰੇ ਮੁੱਦੇ ਸਰਕਾਰ ਕੋਲ ਚੁੱਕੇ ਪਰ  ਸਰਕਾਰ ਵੱਲੋਂ ਹਮੇਸ਼ਾ ਇਕੋ ਜਵਾਬ ਦਿੱਤਾ ਗਿਆ ਕਿ ਪੰਜਾਬ ਵਿਚ ਅਮਨ-ਸ਼ਾਂਤੀ ਕਾਇਮ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ ਪੁਲਿਸ ਇੰਨੀ ਮਜ਼ਬੂਤ ਸੀ, ਜਿਸ ਨੁੰ ਹੁਣ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਗਿਆ। ਰਾਜਾ ਵੜਿੰਗ ਨੇ ਸਵਾਲ ਚੁੱਕਦਿਆਂ ਕਿਹਾ ਕਿ ਘਟਨਾ ਪੰਜਾਬ ‘ਚ ਵਾਪਰਦੀ ਹੈ ਪਰ ਦਿੱਲੀ ਵਾਲੇ ਉਸ ਦੇ ਦੋਸ਼ੀਆਂ ਨੂੰ ਕਾਬੂ ਕਰ ਰਹੇ ਹਨ। 

ਸਿੱਧੂ ਮੂਸੇਵਾਲਾ ਦੇ ਪਿਤਾ ਦੇ ਹੱਕ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਰਦਾਰ ਬਲਕੌਰ ਸਿੰਘ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਪਰ ਸਰਕਾਰ ਕੋਲ ਉਨ੍ਹਾਂ ਦੀ ਆਵਾਜ਼ ਸੁਣਨ ਲਈ ਸਮਾਂ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰਾ ਇਕ ਸਾਲ ਬੀਤਣ ਵਾਲਾ ਹੈ ਪਰ ਉਨ੍ਹਾਂ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। 

ਉਨ੍ਹਾਂ ਕਿਹਾ ਕਿ ਜਿਹੜੇ ਬੰਦੇ ਨੇ ਆਪਣਾ ਪੁੱਤ ਗਵਾਇਆ ਹੋਵੇ ਤੇ ਹੁਣ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਇਸ ਤੋਂ ਘਟੀਆ ਗੱਲ ਪੰਜਾਬ ਵਿਚ ਹੋ ਨਹੀਂ ਸਕਦੀ। ਅਜਨਾਲਾ ਘਟਨਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ 15 ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਸ ਮਾਮਲੇ ਵਿਚ ਮਾਮਲਾ ਦਰਜ ਨਹੀਂ ਹੋਇਆ ਤੇ ਇੰਝ ਲੱਗ ਰਿਹਾ ਹੈ ਕਿ ਹੁਣ ਪੰਜਾਬ ਵਿਚ ਪੂਰਾ ਜੰਗਲ ਰਾਜ ਬਣ ਚੁੱਕਾ ਹੈ।