ਕੈਂਬਰਿਜ ਯੂਨੀਵਰਸਿਟੀ ‘ਚ ਰਾਹੁਲ ਗਾਂਧੀ ਨੇ ਕਿਹਾ- “ਭਾਰਤ ਨੂੰ ਤਬਾਹ ਕਰ ਰਹੇ ਨੇ ਮੋਦੀ”

0
446

ਲੰਡਨ| ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਿਟੀ ‘ਚ ਭਾਸ਼ਣ ਦੇਣ ਗਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਏ ਹਨ। ਯੂਨੀਵਰਸਿਟੀ ਦੇ ਲੈਕਚਰ ਦੀ ਵੀਡੀਓ ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤਰੋਦਾ ਨੇ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕੀਤੀ ਹੈ। ਇਸ ਵੀਡੀਓ ‘ਚ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ, ਭਾਰਤੀ ਲੋਕਤੰਤਰ, ਮੀਡੀਆ, ਨਿਆਂਪਾਲਿਕਾ ਵਰਗੇ ਕਈ ਮੁੱਦਿਆਂ ‘ਤੇ ਗੱਲ ਕੀਤੀ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਅਤੇ ਆਲੋਚਨਾ ਨੂੰ ਲੈ ਕੇ ਆਪਣੀ ਰਾਏ ਦਿੱਤੀ।

ਰਾਹੁਲ ਗਾਂਧੀ ਨੇ ਕਿਹਾ, ”ਸ਼ਾਇਦ ਔਰਤਾਂ ਨੂੰ ਗੈਸ ਸਿਲੰਡਰ ਦੇਣਾ ਅਤੇ ਲੋਕਾਂ ਦੇ ਬੈਂਕ ਖਾਤੇ ਖੋਲ੍ਹਣਾ ਚੰਗਾ ਕਦਮ ਹੈ। ਅਜਿਹੇ ਕਦਮ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਪਰ ਮੇਰੇ ਖਿਆਲ ਵਿਚ ਮੋਦੀ ਭਾਰਤ ਦੇ ਤਾਣੇ-ਬਾਣੇ ਨੂੰ ਤਬਾਹ ਕਰ ਰਹੇ ਹਨ। ਉਹ ਭਾਰਤ ‘ਤੇ ਅਜਿਹਾ ਵਿਚਾਰ ਥੋਪ ਰਹੇ ਹਨ, ਜਿਸ ਨੂੰ ਭਾਰਤ ਸਵੀਕਾਰ ਨਹੀਂ ਕਰ ਸਕਦਾ”।

ਰਾਹੁਲ ਨੇ ਕਿਹਾ, ”ਭਾਰਤ ਰਾਜਾਂ ਦਾ ਸੰਘ ਹੈ। ਭਾਰਤ ਵਿਚ ਧਾਰਮਿਕ ਵਿਭਿੰਨਤਾ ਹੈ। ਸਿੱਖ, ਮੁਸਲਮਾਨ, ਈਸਾਈ ਸਭ ਭਾਰਤ ਵਿਚ ਹਨ, ਪਰ ਮੋਦੀ ਉਹਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਹਨ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਜਦੋਂ ਤੁਹਾਡਾ ਵਿਰੋਧ ਇੰਨਾ ਬੁਨਿਆਦੀ ਹੋਵੇ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੀਆਂ ਦੋ, ਤਿੰਨ ਨੀਤੀਆਂ ਨਾਲ ਸਹਿਮਤ ਹੋ”। ਰਾਹੁਲ ਨੇ ਇਹ ਗੱਲ ਉਸ ਸਵਾਲ ਦੇ ਜਵਾਬ ‘ਚ ਕਹੀ, ਜਿਸ ‘ਚ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਨਰਿੰਦਰ ਮੋਦੀ ਦੀਆਂ ਚੰਗੀਆਂ ਨੀਤੀਆਂ ਬਾਰੇ ਦੱਸ ਸਕਦੇ ਹੋ ਜੋ ਭਾਰਤ ਦੇ ਹਿੱਤ ‘ਚ ਹਨ?

ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ‘ਲਰਨਿੰਗ ਟੂ ਲਿਸਨਿੰਗ’ ਵਿਸ਼ੇ ‘ਤੇ ਲੈਕਚਰ ਦਿੱਤਾ। ਮੀਡੀਆ ਅਤੇ ਨਿਆਂਪਾਲਿਕਾ ਕੰਟਰੋਲ ਵਿਚ ਹੈ। ਮੇਰੇ ਫ਼ੋਨ ‘ਤੇ Pegasus ਹੈ। ਬਹੁਤ ਸਾਰੇ ਰਾਜਨੇਤਾਵਾਂ ਦੇ ਫੋਨਾਂ ਵਿਚ ਪੈਗਾਸਸ ਵੀ ਹੈ। ਕਈ ਖੁਫੀਆ ਅਧਿਕਾਰੀਆਂ ਨੇ ਮੈਨੂੰ ਫੋਨ ‘ਤੇ ਗੱਲ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਕਿਉਂਕਿ ਮੇਰਾ ਫੋਨ ਰਿਕਾਰਡ ਹੋ ਰਿਹਾ ਹੈ। ਮੇਰੇ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਕਰਵਾਏ ਗਏ ਹਨ, ਜਿਨ੍ਹਾਂ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ।